ਦੇਸ਼ ਅਤੇ ਸਮਾਜ ਬਣਾਉਣ ਲਈ ਲੜੀਆਂ ਜਾਂਦੀਆਂ ਹਨ ਚੋਣਾਂ : ਰਾਜਨਾਥ ਸਿੰਘ
Sunday, Nov 19, 2023 - 05:15 PM (IST)
ਜੈਪੁਰ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਨਹੀਂ ਬਲਕਿ ਸਮਾਜ ਅਤੇ ਦੇਸ਼ ਦੇ ਨਿਰਮਾਣ ਲਈ ਲੜੀਆਂ ਜਾਂਦੀਆਂ ਹਨ। ਸ਼ਾਹਪੁਰਾ 'ਚ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ,''ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ ਰਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਹ ਇਕ ਸ਼ਕਤੀਸ਼ਾਲੀ ਭਾਰਤ ਬਣ ਗਿਆ ਹੈ ਅਤੇ ਦੁਨੀਆ ਭਾਰਤ ਦੀ ਗੱਲ ਨੂੰ ਧਿਆਨ ਨਾਲ ਸੁਣਦੀ ਹੈ।'' ਰਾਜਨਾਥ ਸਿੰਘ ਨੇ ਕਿਹਾ,''ਇਸ ਸੱਚਾਈ ਨੂੰ ਕੋਈ ਨਕਾਰ ਨਹੀਂ ਸਕਦਾ ਕਿ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਅੰਤਰਰਾਸ਼ਟਰੀ ਸੰਸਾਰ ਵਿਚ ਭਾਰਤ ਦਾ ਮਾਣ ਵਧਿਆ ਹੈ। ਭਾਰਤ ਨੂੰ ਹੁਣ ਪੂਰੀ ਦੁਨੀਆ 'ਚ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।'' ਉਨ੍ਹਾਂ ਕਿਹਾ,''ਪਹਿਲਾਂ ਜਦੋਂ ਭਾਰਤ ਅੰਤਰਰਾਸ਼ਟਰੀ ਮੰਚ 'ਤੇ ਕੁਝ ਬੋਲਦਾ ਸੀ ਤਾਂ ਲੋਕ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸਨ ਪਰ ਅੱਜ ਜਦੋਂ ਭਾਰਤ ਅੰਤਰਰਾਸ਼ਟਰੀ ਮੰਚ 'ਤੇ ਕੁਝ ਕਹਿੰਦਾ ਹੈ ਤਾਂ ਪੂਰੀ ਦੁਨੀਆ ਸੁਣਦੀ ਹੈ। ਉਹ ਭਾਰਤ ਦੀਆਂ ਗੱਲਾਂ ਨੂੰ ਖੁੱਲ੍ਹੇ ਕੰਨਾਂ ਨਾਲ ਸੁਣਦੀ ਹੈ।'' ਉਨ੍ਹਾਂ ਕਾਨੂੰਨ ਵਿਵਸਥਾ, ਪ੍ਰਸ਼ਨ ਪੱਤਰ ਲੀਕ ਅਤੇ ਔਰਤਾਂ ਵਿਰੁੱਧ ਅਪਰਾਧ ਵਰਗੇ ਮੁੱਦਿਆਂ 'ਤੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ।
ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ
ਸਿੰਘ ਨੇ ਕਿਹਾ,''ਰਾਜਸਥਾਨ 'ਚ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ 'ਚ ਰਾਜਸਥਾਨ ਦੇ ਮਾਣ-ਸਨਮਾਨ ਅਤੇ ਸਵੈ-ਮਾਣ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ।'' ਕੇਂਦਰੀ ਮੰਤਰੀ ਨੇ ਕਿਹਾ,''ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਨਹੀਂ ਲੜੀਆਂ ਜਾਂਦੀਆਂ, ਚੋਣਾਂ ਸਮਾਜ ਅਤੇ ਦੇਸ਼ ਬਣਾਉਣ ਲਈ ਲੜੀਆਂ ਜਾਂਦੀਆਂ ਹਨ।'' ਭਾਜਪਾ ਨੇਤਾ ਨੇ ਕਿਹਾ,''ਭਾਰਤ ਦੀ ਆਰਥਿਕ ਤਾਕਤ ਵੀ ਪਹਿਲਾਂ ਦੇ ਮੁਕਾਬਲੇ ਵਧੀ ਹੈ। ਅਰਥਵਿਵਸਥਾ ਦੇ ਆਕਾਰ ਦੇ ਲਿਹਾਜ਼ ਨਾਲ 2014 ਤੋਂ ਪਹਿਲਾਂ ਭਾਰਤ ਦੁਨੀਆ 'ਚ 11ਵੇਂ ਸਥਾਨ 'ਤੇ ਸੀ, ਜੋ ਅੱਜ 7 ਸਾਲਾਂ 'ਚ ਦੁਨੀਆ 'ਚ 5ਵੇਂ ਸਥਾਨ 'ਤੇ ਆ ਗਿਆ ਹੈ। ਆਰਥਿਕ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ 2027 ਤੱਕ ਭਾਰਤ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਕਿਹਾ,''ਜੇਕਰ ਇਸ ਦੇਸ਼ 'ਚ ਸਰਕਾਰ ਇਸੇ ਤਰ੍ਹਾਂ ਕੰਮ ਕਰਦੀ ਰਹੀ ਤਾਂ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੁਨੀਆ ਦੀ ਅਰਥਵਿਵਸਥਾ ਆਕਾਰ ਅਤੇ ਤਾਕਤ ਦੇ ਲਿਹਾਜ਼ ਨਾਲ ਜੇਕਰ ਸਭ ਤੋਂ ਵੱਡਾ ਕੋਈ ਦੇਸ਼ ਹੋਵੇਗਾ ਤਾਂ ਉਹ ਭਾਰਤ ਹੋਵੇਗਾ। ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਰੂਸ-ਯੂਕਰੇਨ ਯੁੱਧ ਚੱਲ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਰੂਸ, ਯੂਕਰੇਨ ਅਤੇ ਅਮਰੀਕਾ ਦੇ ਰਾਸ਼ਟਰਪਤੀਆਂ ਨਾਲ ਫ਼ੋਨ 'ਤੇ ਗੱਲ ਕਰ ਕੇ ਚਾਰ-ਪੰਜ ਘੰਟੇ ਜੰਗ ਰੁਕਵਾਈ ਅਤੇ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਿਆ। ਉਨ੍ਹਾਂ ਕਿਹਾ,''ਇਹ ਇਸ ਲਈ ਹੋਇਆ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਕੱਦ ਵਧਿਆ ਹੈ।'' ਸਿੰਘ ਨੇ ਕਿਹਾ,''ਮੈਂ ਸੁਣਿਆ ਹੈ, ਮੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਗਲਤ ਹੈ, ਸੂਬੇ 'ਚ ਦੋ ਲੱਖ ਔਰਤਾਂ ਨਾਲ ਬਦਸਲੂਕੀ ਦੀ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ ਅਤੇ (ਮੁੱਖ ਮੰਤਰੀ) ਗਹਿਲੋਤ ਸਾਹਿਬ ਕਹਿ ਰਹੇ ਹਨ ਕਿ ਔਰਤਾਂ ਝੂਠੀਆਂ ਐੱਫ.ਆਈ.ਆਰ. ਦਰਜ ਕਰਵਾ ਰਹੀਆਂ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8