ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਪਤਨੀ ਨੂੰ ਆਮਦਨ ਟੈਕਸ ਵਿਭਾਗ ਨੇ ਭੇਜਿਆ ਨੋਟਿਸ
Tuesday, Sep 24, 2019 - 11:02 AM (IST)

ਨਵੀਂ ਦਿੱਲੀ— ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਪਤਨੀ ਨੋਵੇਲ ਸਿੰਘਲ ਲਵਾਸਾ ਆਮਦਨ ਟੈਕਸ ਵਿਭਾਗ ਦੇ ਨਿਸ਼ਾਨੇ 'ਤੇ ਹੈ। ਸੂਤਰਾਂ ਅਨੁਸਾਰ ਆਮਦਨ ਟੈਕਸ ਵਿਭਾਗ ਨੇ ਕਈ ਕੰਪਨੀਆਂ ਦੇ ਡਾਇਰੈਕਟਰ ਦੇ ਰੂਪ 'ਚ ਉਨ੍ਹਾਂ ਦੀ ਆਮਦਨ ਨੂੰ ਲੈ ਕੇ ਨੋਟਿਸ ਭੇਜਿਆ ਹੈ। 2005 'ਚ ਸਟੇਟ ਬੈਂਕ ਆਫ ਇੰਡੀਆ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਾਬਕਾ ਬੈਂਕਰ ਨੋਵੇਲ ਸਿੰਘਲ ਕਈ ਕੰਪਨੀਆਂ ਦੀ ਡਾਇਰੈਕਟਰ ਬਣੀ। ਨੋਵੇਲ ਉਸ ਸਮੇਂ ਕੰਪਨੀਆਂ ਦੀ ਡਾਇਰੈਕਟਰ ਬਣੀ, ਜਦੋਂ ਉਨ੍ਹਾਂ ਦੇ ਪਤੀ ਭਾਰਤ ਸਰਕਾਰ 'ਚ ਸਕੱਤਰ ਦੇ ਅਹੁਦੇ 'ਤੇ ਸਨ। ਆਮਦਨ ਟੈਕਸ ਰਿਟਰਨ 'ਚ ਗੜਬੜੀ ਪਾਏ ਜਾਣ ਤੋਂ ਬਾਅਦ ਆਮਦਨ ਟੈਕਸ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਮਾਮਲੇ ਦੀ ਜਾਂਚ ਕਰ ਰਿਹਾ ਸੀ। ਵਿਭਾਗ ਨੇ ਹੁਣ ਉਨ੍ਹਾਂ ਨੂੰ ਨੋਟਿਸ ਭੇਜ ਕੇ ਸਪੱਸ਼ਟੀਕਰਨ ਮੰਗਿਆ ਹੈ।
ਇਨ੍ਹਾਂ ਕੰਪਨੀਆਂ 'ਚ ਰਹੀ ਡਾਇਰੈਕਟਰ
ਕਾਰਪੋਰੇਟ ਡਾਟਾ ਸੇਵਾ ਪ੍ਰਦਾਤਾ ਜਉਬਾ ਕਾਰਪ ਅਤੇ ਕਾਰਪੋਰੇਟ ਡੀ.ਆਈ.ਆਰ. 'ਤੇ ਇਕ ਸਰਚ ਨਾਲ ਸਾਹਮਣੇ ਆਇਆ ਹੈ ਕਿ ਨੋਵੇਲ ਸਿੰਘਲ ਲਵਾਸਾ ਇਕ ਦਰਜਨ ਤੋਂ ਵਧ ਕੰਪਨੀਆਂ ਦੇ ਡਾਇਰੈਕਟਰ ਮੰਡਲ 'ਚ ਹਨ। ਨੋਵੇਲ ਨੂੰ ਚਾਰ ਬਿਜਲੀ ਕੰਪਨੀਆਂ ਦੇ ਬੋਰਡ 'ਚ ਇਕ ਹੀ ਦਿਨ ਨਿਯੁਕਤ ਗਿਆ ਸੀ। ਅਸ਼ੋਕ ਲਵਾਸਾ ਵੀ ਬਿਜਲੀ ਮੰਤਰਾਲੇ 'ਚ ਕੁਝ ਸਾਲ ਤੱਕ ਵਿਸ਼ੇਸ਼ ਸਕੱਤਰ ਦੇ ਰੂਪ 'ਚ ਕੰਮ ਕਰ ਚੁਕੇ ਹਨ। ਆਪਣੇ ਲੰਬੇ ਕਰੀਅਰ 'ਚ ਲਵਾਸਾ ਨੇ ਗ੍ਰਹਿ, ਵਿੱਤ ਮੰਤਰਾਲਿਆਂ 'ਚ ਸੇਵਾ ਦੇਣ ਤੋਂ ਇਲਾਵਾ ਰਾਜ ਪੱਧਰ 'ਤੇ ਵੀ ਕਈ ਭੂਮਿਕਾਵਾਂ ਨੂੰ ਨਿਭਾਇਆ ਹੈ।
ਬਿਜ਼ਨੈੱਸ ਡਾਟਾ ਫਰਮ ਕਾਰਪੋਰੇਟ ਡੀ.ਆਈ.ਆਰ. ਅਨੁਸਾਰ, ਨੋਵੇਲ ਸਿੰਘਲ ਲਵਾਸਾ ਇਕ ਹੀ ਦਿਨ 14 ਸਤੰਬਰ 2016 ਨੂੰ ਰੀਸਾਟਜ਼ ਮਾਈਸੋਲਰ 24 ਪ੍ਰਾਈਵੇਟ ਲਿਮਟਿਡ, ਵੇਲਸਪਨ ਸੋਲਰ ਟੇਕ ਪ੍ਰਾਈਵੇਟ ਲਿਮਟਿਡ, ਵੇਲਸਪਨ ਐਨਰਜੀ ਰਾਜਸਥਾਨ ਪ੍ਰਾਈਵੇਟ ਲਿਮਟਿਡ ਅਤੇ ਵੇਲਸਪਨ ਸੋਲਰ ਪੰਜਾਬ ਪ੍ਰਾਈਵੇਟ ਲਿਮਟਿਡ 'ਚ ਨਿਯੁਕਤ ਕੀਤਾ ਗਿਆ ਸੀ। ਅੱਧਾ ਦਰਜਨ ਹੋਰ ਊਰਜਾ ਕੰਪਨੀਆਂ ਤੋਂ ਇਲਾਵਾ ਨੋਵੇਲ ਲਵਾਸਾ ਬਲਰਾਮਪੁਰ ਚੀਨੀ ਮਿਲਜ਼ ਲਿਮਟਿਡ ਦੀ ਵੀ ਡਾਇਰੈਕਟਰ ਹੈ।
ਲੋਕ ਸਭਾ ਚੋਣਾਂ ਦੌਰਾਨ ਆਏ ਸੁਰਖੀਆਂ 'ਚ
ਜ਼ਿਕਰਯੋਗ ਹੈ ਕਿ ਅਸ਼ੋਕ ਲਵਾਸਾ ਲੋਕ ਸਭਾ ਚੋਣਾਂ ਦੌਰਾਨ ਸੁਰਖੀਆਂ 'ਚ ਆਏ ਸਨ। ਲਵਾਸਾ ਨੇ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ 'ਚ ਪੀ.ਐੱਮ. ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਤਿਮ ਸ਼ਾਹ ਵਿਰੁੱਧ ਸ਼ਿਕਾਇਤਾਂ ਵਾਲੇ ਚੋਣ ਕਮਿਸ਼ਨ ਦੇ ਕਲੀਨ ਚਿਟ ਦੇਣ ਦੇ ਫੈਸਲੇ 'ਤੇ ਅਸਹਿਮਤੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਮੋਦੀ ਅਤੇ ਅਮਿਤ ਸ਼ਾਹ ਨਾਲ ਜੁੜੇ 5 ਮਾਮਮਲਿਆਂ 'ਚ ਕਲੀਨ ਚਿਟ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ।