ਚੋਣ ਕਮਿਸ਼ਨ ਦੀ ਬੈਠਕ ਅੱਜ, ਇਨ੍ਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਹੋ ਸਕਦੈ ਐਲਾਨ
Friday, Feb 26, 2021 - 11:30 AM (IST)
ਨਵੀਂ ਦਿੱਲੀ- ਚੋਣ ਕਮਿਸ਼ਨ ਪੱਛਮੀ ਬੰਗਾਲ ਸਮੇਤ 5 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਐਲਾਨ ਕਰੇਗੀ। ਚੋਣ ਕਮਿਸ਼ਨ ਵਲੋਂ ਸ਼ਾਮ 4.30 ਪ੍ਰੈੱਸ ਕਾਨਫਰੰਸ ਕਰ ਕੇ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਪੁਡੂਚੇਰੀ 'ਚ ਆਉਣ ਵਾਲੇ ਕੁਝ ਮਹੀਨਿਆਂ 'ਚ ਚੋਣਾਂ ਹੋਣੀਆਂ ਹਨ।
ਪੱਛਮੀ ਬੰਗਾਲ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਇਸ ਸਮੇਂ ਇੱਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਅਤੇ ਮਮਤਾ ਬੈਨਰਜੀ ਮੁੱਖ ਮੰਤਰੀ ਹੈ। ਇੱਥੇ ਬਹੁਮਤ ਲਈ 148 ਸੀਟਾਂ ਚਾਹੀਦੀਆਂ ਹਨ। ਆਸਾਮ 'ਚ ਵਿਧਾਨ ਸਭਾ ਦੀਆਂ 126 ਸੀਟਾਂ ਹਨ। ਮੌਜੂਦਾ ਸਮੇਂ ਇੱਥੇ ਐੱਨ.ਡੀ.ਏ. ਦੀ ਸਰਕਾਰ ਹੈ ਅਤੇ ਸਰਵਾਨੰਦ ਸੋਨੋਵਾਲ ਮੁੱਖ ਮੰਤਰੀ ਹਨ। ਇੱਥੇ ਬਹੁਮਤ ਲਈ 64 ਸੀਟਾਂ ਚਾਹੀਦੀਆਂ ਹਨ। ਤਾਮਿਲਨਾਡੂ 'ਚ ਵਿਧਾਨ ਸਭਾ ਦੀਆਂ 234 ਸੀਟਾਂ ਹਨ। ਮੌਜੂਦਾ ਸਮੇਂ ਇੱਥੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐੱਮ.ਕੇ.) ਦੀ ਸਰਕਾਰ ਹੈ ਅਤੇ ਈ ਪਲਾਨੀਸਵਾਮੀ ਮੁੱਖ ਮੰਤਰੀ ਹਨ। ਇੱਥੇ ਬਹੁਮਤ ਲਈ 118 ਸੀਟਾਂ ਚਾਹੀਦੀਆਂ ਹਨ।
ਪੁਡੂਚੇਰੀ 'ਚ ਵਿਧਾਨ ਸਭਾ ਦੀਆਂ ਕੁੱਲ 30 ਸੀਟਾਂ ਹਨ। ਮੌਜੂਦਾ ਸਮੇਂ ਇੱਥੇ ਰਾਸ਼ਟਰਪਤੀ ਸ਼ਾਸਨ ਲੱਗਾ ਹੋਇਆ ਹੈ। ਇੱਥੇ ਬਹੁਮਤ ਲਈ 16 ਸੀਟਾਂ ਚਾਹੀਦੀਆਂ ਹਨ। ਉੱਥੇ ਹੀ ਕੇਰਲ 'ਚ ਵਿਧਾਨ ਸਭਾ ਦੀਆਂ 140 ਸੀਟਾਂ ਹਨ। ਮੌਜੂਦਾ ਸਮੇਂ ਇੱਥੇ ਸੀ.ਪੀ.ਆਈ. (ਐੱਮ.) ਦੀ ਅਗਵਾਈ ਵਾਲੀ ਲੈਫ਼ਟ ਡੈਮੋਕ੍ਰੇਟਿਕ ਫਰੰਟ (ਐੱਲ.ਡੀ.ਐੱਫ.) ਦੀ ਸਰਕਾਰ ਹੈ ਅਤੇ ਪਿਨਰਾਈ ਵਿਜਯਨ ਮੁੱਖ ਮੰਤਰੀ ਹਨ। ਇੱਥੇ ਬਹੁਮਤ ਲਈ 71 ਸੀਟਾਂ ਚਾਹੀਦੀਆਂ ਹਨ।