''ਕੋਰੋਨਾ'' ਨੇ ਤਿਉਹਾਰ ਕੀਤੇ ਫਿੱਕੇ, ਘਰਾਂ ''ਚ ਰਹਿ ਕੇ ਲੋਕ ਮਨਾ ਰਹੇ ਨੇ ਈਦ

5/25/2020 10:52:14 AM

ਭੋਪਾਲ (ਵਾਰਤਾ)— ਰਾਜਧਾਨੀ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ਵਿਚ ਅੱਜ ਮੁਸਲਿਮ ਭਾਈਚਾਰਾ ਈਦ ਆਪਣੇ ਘਰਾਂ 'ਚ ਹੀ ਰਹਿ ਕੇ ਮਨਾ ਰਿਹਾ ਹੈ। ਇਸ ਦੌਰਾਨ ਸਾਰਿਆਂ ਨੇ ਪੂਰੀ ਦੁਨੀਆ ਨੂੰ ਕੋਰੋਨਾ ਤੋਂ ਮੁਕਤੀ ਦਿਵਾਉਣ ਲਈ ਵੀ ਪ੍ਰਾਰਥਨਾ ਕੀਤੀ। ਰਾਜਧਾਨੀ ਭੋਪਾਲ 'ਚ ਧਰਮ ਗੁਰੂਆਂ ਅਤੇ ਪ੍ਰਸ਼ਾਸਨ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਮੁਸਲਮਾਨਾਂ ਨੇ ਆਪਣੇ ਘਰ 'ਚ ਈਦ ਦੀ ਨਮਾਜ਼ ਪੜ੍ਹੀ ਅਤੇ ਇਕ-ਦੂਜੇ ਨੂੰ ਵਧਾਈ ਦਿੱਤੀ। 

ਕੋਰੋਨਾ ਵਾਇਰਸ ਦੀ ਆਫਤ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਾਵਾਂ ਕਾਰਨ ਈਦ ਇਸ ਵਾਰ ਰਿਵਾਇਤੀ ਤਰੀਕੇ ਨਾਲ ਨਾ ਮਨਾਉਂਦੇ ਹੋਏ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਪ੍ਰੋਟੋਕਾਲ ਦਰਮਿਆਨ ਮਨਾਈ ਜਾ ਰਹੀ ਹੈ। ਇਕ-ਦੂਜੇ ਨੂੰ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰਿਆਂ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇੰਦੌਰ 'ਚ ਵੀ ਈਦ ਸੋਸ਼ਲ ਡਿਸਟੈਂਸਿੰਗ ਨਾਲ ਮਨਾਉਣ ਦੀਆਂ ਸੂਚਨਾਵਾਂ ਮਿਲੀਆਂ ਹਨ। 

ਈਦਗਾਹਾਂ ਅਤੇ ਹੋਰ ਮਸਜਿਦਾਂ ਵਿਚ ਲੋਕ ਸਮੂਹ ਦੇ ਰੂਪ ਵਿਚ ਇਕੱਠੇ ਨਹੀਂ ਹੋਏ ਅਤੇ ਘਰਾਂ 'ਚ ਰਹਿ ਕੇ ਹੀ ਇਬਾਦਤ ਕੀਤੀ। ਪੁਲਸ ਪ੍ਰਸ਼ਾਸਨ ਵੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਸਾਰਿਆਂ ਨੂੰ ਘਰਾਂ 'ਚ ਹੀ ਰਹਿ ਕੇ ਇਹ ਤਿਉਹਾਰ ਮਨਾਉਣ ਦੀ ਬੇਨਤੀ ਲਗਾਤਾਰ ਕੀਤੀ ਜਾ ਰਹੀ ਹੈ।


Tanu

Content Editor Tanu