PM ਮੋਦੀ ਦੀ ਅਗਵਾਈ ''ਚ ਦੇਸ਼ ਨੂੰ ਬਰਬਾਦ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਕੇਜਰੀਵਾਲ
Friday, Mar 24, 2023 - 05:51 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਪੀ.ਐੱਮ. ਮੋਦੀ ਦੀ ਅਗਵਾਈ 'ਚ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਵਿਧਾਨ ਸਭਾ 'ਚ ਇਕ ਸੰਬੋਧਨ 'ਚ ਉਨ੍ਹਾਂ ਨੇ ਉੱਪ ਰਾਜਪਾਲ ਵੀਕੇ ਸਕਸੈਨਾ ਅਤੇ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸਰਕਾਰ ਦੇ ਕੰਮ 'ਚ ਰੁਕਾਵਟ ਪਾਉਣ ਦਾ ਵੀ ਦੋਸ਼ ਲਗਾਇਆ। ਕੇਜਰੀਵਾਲ ਨੇ ਦੋਸ਼ ਲਗਾਇਆ,''ਮੈਂ ਭਾਜਪਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਲੋਕ ਦੇਸ਼ ਨੂੰ ਨਸ਼ਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਜਪਾ 'ਚ ਹੋਣਾ ਚਾਹੀਦਾ ਅਤੇ ਜੋ ਦੇਸ਼ ਨੂੰ ਬਚਾਉਣਾ ਚਾਹੁੰਦੇ ਹਨ ਉਨ੍ਹਾਂ ਨੂੰਭਾਜਪਾ ਛੱਡ ਦੇਣੀ ਚਾਹੀਦੀ ਹੈ।'' ਕੇਜਰੀਵਾਲ ਦੇ ਪ੍ਰਧਾਨ ਮੰਤਰੀ ਬਾਰੇ ਬੋਲਣ 'ਤੇ ਵਿਧਾਨ ਸਭਾ 'ਚ ਹੰਗਾਮਾ ਸ਼ੁਰੂ ਹੋ ਗਿਆ। ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਤਾ ਤੋਂ ਅਯੋਗ ਕਰਾਰ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਡਰੇ ਹੋਏ ਹਨ।''
ਰਾਹੁਲ ਨੂੰ ਅਪਰਾਧਕ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ 'ਤੇ ਉਨ੍ਹਾਂ ਨੂੰ ਲੋਕ ਸਭਾ ਤੋਂ ਅਯੋਗ ਐਲਾਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਨੇ ਉੱਪ ਰਾਜਪਾਲ ਸਕਸੈਨਾ ਨੂੰ ਦਿੱਲੀ ਦੇ ਵਿਕਾਸ ਦੇ ਵਿਕਾਸ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਕੇਜਰੀਵਾਲ ਨੇ ਕਿਹਾ,''ਮੈਂ ਉੱਪ ਰਾਜਪਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਗੁਜਰਾਤ ਤੋਂ ਆਏ ਹੋ। ਤੁਸੀਂ ਸਾਡੇ ਮਹਿਮਾਨ ਹੋ। ਮੈਨੂੰ ਲੱਗਦਾ ਹੈ ਕਿ ਉਹ ਦਿੱਲੀ ਦੀਆਂ ਸੜਕਾਂ ਦੇ ਨਾਮ ਵੀ ਜਾਣਦੇ ਹੋਣਗੇ ਪਰ ਅਸੀਂ ਲੜਾਈ ਨਹੀਂ ਚਾਹੁੰਦੇ। ਅਸੀਂ ਨਾਲ ਕੰਮ ਕਰਨਾ ਚਾਹੁੰਦੇ ਹਾਂ। ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੀਆਂ? ਉਹ ਲੜ ਰਹੇ ਸਨ।'' ਉਨ੍ਹਾਂ ਕਿਹਾ,''ਅਸੀਂ ਘਰ-ਘਰ ਸੀਵਰ ਕਨੈਕਸ਼ਨ ਦੇਣਾ ਹੈ, ਨਵੀਆਂ ਬੱਸਾਂ ਖਰੀਦਣੀਆਂ ਹਨ, ਟਰੈਫਿਕ ਦੀ ਸਥਿਤੀ ਸੁਧਾਰਨੀ ਹੈ, ਆਓ ਮਿਲ ਕੇ ਕੰਮ ਕਰੀਏ।'' ਮੁੱਖ ਮੰਤਰੀ ਨੇ ਕਿਹਾ,''ਅਸੀਂ ਤੁਹਾਡੇ ਨਾਲ ਕੰਮ ਕਰਾਂਗੇ। ਇਹ ਭਾਰਤ-ਪਾਕਿਸਤਾਨ ਯੁੱਧ ਨਹੀਂ ਹੈ। ਜਦੋਂ ਮੁੱਖ ਮੰਤਰੀ ਅਤੇ ਉੱਪ ਰਾਜਪਾਲ ਇਕੱਠੇ ਕੰਮ ਕਰਨਾ ਸ਼ੁਰੂ ਕਰਨਗੇ ਤਾਂ ਇਹ ਅਸਲ 'ਚ ਇਕ ਡਬਲ ਇੰਜਣ ਸਰਕਾਰ ਹੋਵੇਗੀ।''