ਓਡਿਸ਼ਾ ’ਚ ED ਦੀ ਕਾਰਵਾਈ, ਸਾਬਕਾ ਵਿਧਾਇਕ ਜੀਤੂ ਪਟਨਾਇਕ ਦੇ ਬੈਂਕ ’ਚੋਂ 133 ਕਰੋੜ ਰੁਪਏ ਜ਼ਬਤ
Friday, May 13, 2022 - 12:08 PM (IST)

ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨਾਜਾਇਜ਼ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੇ ਸੰਬੰਧ ਵਿਚ ਓਡਿਸ਼ਾ ਦੇ ਸਾਬਕਾ ਵਿਧਾਇਕ ਜਿਤੇਂਦਰ ਨਾਥ ਪਟਨਾਇਕ ਉਰਫ ਜੀਤੂ ਦੀ 133 ਕਰੋੜ ਰੁਪਏ ਦੀ ਮਿਆਦੀ ਜਮ੍ਹਾ ਰਾਸ਼ੀ ਅਤੇ ਨਕਦੀ ਜ਼ਬਤ ਕਰ ਲਈ ਹੈ। ਈ. ਡੀ. ਨੇ ਸੂਬੇ ਦੇ ਕਿਓਂਝਰ ਵਿਚ ਸਥਿਤ ਜੋੜਾ ਵਿਚ ਪਟਨਾਇਕ ਦੇ ਰਿਹਾਇਸ਼ੀ ਕੰਪਲੈਕਸਾਂ ਅਤੇ ਦਫਤਰਾਂ ’ਤੇ ਛਾਪੇਮਾਰੀ ਕੀਤੀ।
ਜੀਤੂ ਪਟਨਾਇਕ ਦੇ ਨਾਂ ਤੋਂ ਲੋਕਪ੍ਰਿਯ ਸਾਬਕਾ ਆਜ਼ਾਦ ਵਿਧਾਇਕ ਚੰਪੁਆ ਵਿਧਾਨ ਸਭਾ ਖੇਤਰ ਦੀ ਨੁਮਾਇੰਦਗੀ ਕਰਦੇ ਸਨ। ਈ. ਡੀ. ਦਾ ਦੋਸ਼ ਹੈ ਕਿ ਪਟਨਾਇਕ ਨੇ ਜ਼ਰੂਰੀ ਕਾਨੂੰਨੀ ਮਨਜ਼ੂਰੀ ਲਈ ਬਿਨਾਂ ਨਾਜਾਇਜ਼ ਮਾਈਨਿੰਗ ਰਾਹੀਂ ਫਾਇਦਾ ਉਠਾਇਆ। ਈ. ਡੀ. ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਤਲਾਸ਼ੀ ਵਿਚ 70 ਲੱਖ ਰੁਪਏ ਨਕਦ ਅਤੇ 133 ਕਰੋੜ ਰੁਪਏ ਦੇ 124 ਮਿਆਦੀ ਜਮ੍ਹਾ ਖਾਤਿਆਂ ਦਾ ਪਤਾ ਲੱਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਡਿਜੀਟਲ ਸਬੂਤ ਅਤੇ ਦਸਤਾਵੇਜ ਬਰਾਮਦ ਕੀਤੇ ਗਏ। ਓਡਿਸ਼ਾ ਚੌਕਸੀ ਸੈੱਲ ਨੇ ਪਟਨਾਇਕ ਅਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ ਅਤੇ ਦੋਸ਼ ਪੱਤਰ ਦਾਇਰ ਕੀਤਾ ਸੀ।