'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ

Wednesday, Oct 04, 2023 - 08:14 AM (IST)

'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਅੱਜ ਯਾਨੀ ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਨੇ ਇਹ ਛਾਪੇਮਾਰੀ ਦਿੱਲੀ ਦੀ ਵਿਵਾਦਿਤ ਸ਼ਰਾਬ ਨੀਤੀ 'ਚ ਘਪਲੇ ਨੂੰ ਲੈ ਕੇ ਕੀਤੀ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਰੀਬੀਆਂ ਦੇ ਇੱਥੇ ਵੀ ਛਾਪੇ ਪਏ ਸਨ। ਸ਼ਰਾਬ ਘਪਲੇ ਦੀ ਚਾਰਜਸ਼ੀਟ 'ਚ ਵੀ ਸੰਜੇ ਸਿੰਘ ਦਾ ਨਾਮ ਸੀ। ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਰਾਬ ਨੀਤੀ 'ਚ ਘਪਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਹਨ। 

ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ

ਈ.ਡੀ. ਨੇ ਆਪਣੀ ਚਾਰਜਸ਼ੀਟ 'ਚ ਦੋਸ਼ ਲਗਾਇਆ ਸੀ ਕਿ ਸ਼ਰਾਬ ਘਪਲੇ ਦੇ ਦੋਸ਼ੀ ਵਪਾਰੀ ਦਿਨੇਸ਼ ਅਰੋੜਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ। ਇਸ ਬੈਠਕ 'ਚ ਸੰਜੇ ਸਿੰਘ ਵੀ ਮੌਜੂਦ ਸਨ। ਈ.ਡੀ. ਨੇ ਦਿਨੇਸ਼ ਅਰੋੜਾ ਵਲੋਂ ਦਿੱਤੇ ਬਿਆਨ ਅਨੁਸਾਰ, ਉਹ ਸਭ ਤੋਂ ਇਕ ਪ੍ਰੋਗਰਾਮ 'ਚ ਸੰਜੇ ਸਿੰਘ ਨੂੰ ਮਿਲਿਆ ਸੀ। ਇਸ ਤੋਂ ਬਾਅਦ ਉਹ ਮਨੀਸ਼ ਸਿਸੋਦੀਆ ਦੇ ਸੰਪਰਕ 'ਚ ਆਇਆ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦਿੱਲੀ ਚੋਣਾਂ ਤੋਂ ਪਹਿਲਾਂ 'ਆਪ' ਨੇਤਾ ਵਲੋਂ ਆਯੋਜਿਤ ਇਕ ਫੰਡ ਜੁਟਾਉਣ ਦਾ ਪ੍ਰੋਗਰਾਮ ਸੀ।

ਜਾਣੋ ਕੀ ਹੈ ਸ਼ਰਾਬ ਨੀਤੀ ਘਪਲਾ

ਦਿੱਲੀ 'ਚ 17 ਨਵੰਬਰ 2021 ਨੂੰ ਸ਼ਰਾਬ ਲਈ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੱਕ 849 ਸ਼ਰਾਬ ਦੀਆਂ ਦੁਕਾਨਾਂ ਸਨ। ਇਨ੍ਹਾਂ 'ਚ 60 ਫ਼ੀਸਦੀ ਦੁਕਾਨਾਂ ਸਰਕਾਰੀ ਅਤੇ 40 ਫ਼ੀਸਦੀ ਨਿੱਜੀ ਸਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 17 ਨਵੰਬਰ ਨੂੰ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਦਿੱਤੀ। ਇਸ ਦੇ ਅਧੀਨ ਦਿੱਲੀ 'ਚ ਸ਼ਰਾਬ ਦੀਆਂ ਸਰਕਾਰੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਨਵੀਂ ਨੀਤੀ ਲਾਗੂ ਕਰਨ ਲਈ ਦਿੱਲੀ ਨੂੰ 32 ਜ਼ੋਨ 'ਚ ਵੰਡਿਆ ਗਿਆ ਸੀ। ਹਰ ਜ਼ੋਨ 'ਚ 27 ਸ਼ਰਾਬ ਦੀਆਂ ਦੁਕਾਨਾਂ ਸਨ। ਇਨ੍ਹਾਂ ਦੁਕਾਨਾਂ ਦਾ ਮਾਲਕੀ ਹੱਕ ਜ਼ੋਨ ਨੂੰ ਜਾਰੀ ਕੀਤੇ ਗਏ ਲਾਇਸੈਂਸ ਦੇ ਅਧੀਨ ਦਿੱਤਾ ਗਿਆ ਸੀ। ਹਰ ਵਾਰਡ 'ਚ 2 ਤੋਂ 3 ਵੈਂਡਰ ਨੂੰ ਸ਼ਰਾਬ ਵੇਚਣ ਦੀ ਮਨਜ਼ੂਰੀ ਦਿੱਤੀ ਗਈ। ਉੱਪ ਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੌਂਪੀ ਗਈ ਰਿਪੋਰਟ ਅਨੁਸਾਰ ਸਿਸੋਦੀਆ ਨੇ ਉੱਪ ਰਾਜਪਾਲ ਦੀ ਮਨਜ਼ੂਰੀ ਦੇ ਬਿਨਾਂ ਸ਼ਰਾਬ ਨੀਤੀ 'ਚ ਤਬਦੀਲੀ ਕੀਤੀ। ਜਿਵੇਂ ਕਿ ਕੋਰੋਨਾ ਮਹਾਮਾਰੀ ਦੇ ਨਾਮ 'ਤੇ 144.36 ਕਰੋੜ ਰੁਪਏ ਦੀ ਟੈਂਡਰ ਲਾਇਸੈਂਸ ਫ਼ੀਸ ਮੁਆਫ਼ ਕਰਨਾ। ਦੋਸ਼ ਹੈ ਕਿ ਇਸ ਨਾਲ ਸ਼ਰਾਬ ਠੇਕੇਦਾਰਾਂ ਨੂੰ ਫ਼ਾਇਦਾ ਪਹੁੰਚਿਆ। ਰਿਪੋਰਟ 'ਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਦਾ ਇਸਤੇਮਾਲ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਕੀਤਾ। ਨਵੀਂ ਸ਼ਰਾਬ ਨੀਤੀ 'ਚ ਕਈ ਖ਼ਾਮੀਆਂ ਤੋਂ ਬਾਅਦ 4 ਮਹੀਨਿਆਂ ਦੇ ਅੰਦਰ ਹੀ ਨਵੀਂ ਸ਼ਰਾਬ ਨੀਤੀ ਵਾਪਸ ਲੈ ਲਈ ਗਈ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News