ਮਹਾਦੇਵ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ED ਦੀ ਪੱਛਮੀ ਬੰਗਾਲ ’ਚ ਛਾਪੇਮਾਰੀ
Thursday, Feb 29, 2024 - 11:51 AM (IST)
ਕੋਲਕਾਤਾ- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਹਾਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ’ਚ ਛੱਤੀਸਗੜ੍ਹ ਦੇ ਕਈ ਉੱਚ ਕੋਟੀ ਦੇ ਨੇਤਾ ਅਤੇ ਨੌਕਰਸ਼ਾਹ ਕਥਿਤ ਤੌਰ ’ਤੇ ਸ਼ਾਮਲ ਹਨ।
ਅਧਿਕਾਰੀਆਂ ਮੁਤਾਬਕ ਸਾਲਟ ਲੇਕ ’ਚ ਇਕ ਕਾਰੋਬਾਰੀ ਦੀ ਰਿਹਾਇਸ਼ ਅਤੇ ਦਫਤਰ ਸਮੇਤ ਸੂਬੇ ’ਚ 6 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉੱਤਰੀ 24 ਪਰਗਨਾ ਦੇ ਇਛਾਪੁਰ ਵਿਚ ਕਾਰੋਬਾਰੀ ਦੇ ਇਕ ਕਰਮਚਾਰੀ ਦੇ ਘਰ ਅਤੇ ਕੋਲਕਾਤਾ ਦੇ ਹਾਤਿਬਾਗਾਨ ਵਿਚ ਇਕ ਸ਼ੇਅਰ ਕਾਰੋਬਾਰੀ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਅਧੀਨ ਮੁੰਬਈ, ਪੱਛਮੀ ਬੰਗਾਲ ਅਤੇ ਦਿੱਲੀ-ਐੱਨ. ਸੀ. ਆਰ. ’ਚ ਕੁੱਲ 15 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।