ਨੈਸ਼ਨਲ ਹੈਰਾਲਡ ਅਖ਼ਬਾਰ ਦੇ ਦਿੱਲੀ ਸਥਿਤ ਦਫ਼ਤਰ ਸਮੇਤ 12 ਥਾਵਾਂ ’ਤੇ ED ਦੀ ਛਾਪੇਮਾਰੀ
Tuesday, Aug 02, 2022 - 01:52 PM (IST)
ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਕਾਂਗਰਸ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਾਲਡ ਅਖ਼ਬਾਰ ਦੇ ਦਿੱਲੀ ਸਥਿਤ ਦਫ਼ਤਰ ਸਮੇਤ 12 ਥਾਵਾਂ ’ਤੇ ਮੰਗਲਵਾਰ ਯਾਨੀ ਕਿ ਅੱਜ ਛਾਪੇ ਮਾਰੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈ. ਡੀ. ਦੇ ਅਧਿਕਾਰੀਆਂ ਨੂੰ ਕੁਝ ਕਾਗਜ਼ਾਤ ਦੀ ਤਲਾਸ਼ ਹੈ, ਜਿਸ ਲਈ ਈ. ਡੀ. ਨੇ ਇਹ ਛਾਪੇ ਮਾਰੇ।
ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀ ਅਪਰਾਧਕ ਧਾਰਾਵਾਂ ਤਹਿਤ ਇਹ ਛਾਪੇ ਮਾਰੇ ਜਾ ਰਹੇ ਹਨ, ਤਾਂ ਕਿ ਵਾਧੂ ਸਬੂਤ ਇਕੱਠੇ ਕੀਤੇ ਜਾ ਸਕਣ ਕਿ ਧਨ ਦਾ ਲੈਣ-ਦੇਣ ਕਿਸ ਦਰਮਿਆਨ ਹੋਇਆ। ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਮੱਧ ਦਿੱਲੀ ’ਚ ਆਈ. ਟੀ. ਓ. ’ਤੇ ਬਹਾਦੁਰ ਸ਼ਾਹ ਜ਼ਫਰ ਮਾਰਗ ਸਥਿਤ ‘ਹੈਰਾਲਡ ਹਾਊਸ’ ਦੇ ਦਫ਼ਤਰ ’ਤੇ ਵੀ ਛਾਪਾ ਮਾਰਿਆ। ਇਸ ਦਾ ਪਤਾ ਅਖ਼ਬਾਰ ਨੂੰ ਪ੍ਰਕਾਸ਼ਿਤ ਕਰਨ ਵਾਲੇ ‘ਐਸੋਸੀਏਟੇਡ ਜਨਰਲਸ ਲਿਮਟਿਡ’ ਦੇ ਨਾਂ ’ਤੇ ਰਜਿਸਟਰਡ ਹੈ। ਈ. ਡੀ. ਨੇ ਇਸ ਮਾਮਲੇ ’ਚ ਹਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਤੋਂ ਪੁੱਛ-ਗਿੱਛ ਕੀਤੀ ਸੀ।