ਤਬਲੀਗੀ ਜਮਾਤ ਦੇ ਨੇਤਾ ਮੌਲਾਨਾ ਸਾਦ ਖਿਲਾਫ ਹੁਣ ED ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ

04/17/2020 9:38:56 AM

ਨਵੀਂ ਦਿੱਲੀ-ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਆਲਮੀ ਮਰਕਜ਼ ਦੇ ਮੁਖੀ ਮੌਲਾਨਾ ਸਾਦ ਕੰਧਾਵਲੀ 'ਤੇ ਜਾਂਚ ਏਜੰਸੀਆਂ ਦੀ ਸ਼ਿਕੰਜਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਟ ਡਾਇਰੈਕਟੋਰੇਟ ਨੇ ਮੌਲਾਨਾ ਸਾਦ ਕੰਧਾਵਲੀ ਅਤੇ ਪ੍ਰਬੰਧਨ ਕਮੇਟੀ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਈ.ਡੀ ਨੇ ਦਿੱਲੀ ਪੁਲਸ ਦੀ ਐੱਫ.ਆਈ.ਆਰ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਮੌਲਾਨਾ ਸਾਦ 'ਤੇ ਦੇਸ਼ ਅਤੇ ਵਿਦੇਸ਼ ਤੋਂ ਫੰਡਿੰਗ ਲੈਣ ਅਤੇ ਹਵਾਲਾ ਦੇ ਜ਼ਰੀਏ ਪੈਸਾ ਜੁਟਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਨੀ ਲਾਂਡਰਿੰਗ ਮਾਮਲਾ ਜਮਾਤ ਨਾਲ ਜੁੜੇ ਟਰੱਸਟਾਂ ਦੇ ਨਾਲ ਨਾਲ ਕੁਝ ਹੋਰ ਲੋਕਾਂ ਖਿਲਾਫ ਦਰਜ ਕੀਤਾ ਗਿਆ ਹੈ। 

ਇਸ ਦੇ ਨਾਲ ਹੀ ਮੌਲਾਨਾ ਸਾਦ ਦੇ ਵਕੀਲ ਤੌਸੀਫ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੀਡੀਆ ਰਾਹੀਂ ਮੈਨੂੰ ਮੌਲਾਨਾ ਸਾਦ ਅਤੇ ਦੂਜਿਆਂ 'ਤੇ ਈ.ਡੀ. ਵੱਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦੀ ਜਾਣਕਾਰੀ ਮਿਲੀ ਹੈ ਪਰ ਸਾਡੇ ਕੋਲ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵਕੀਲ ਨੇ ਇਹ ਵੀ ਕਿਹਾ ਹੈ ਕਿ ਮੌਲਾਨਾ ਸਾਦ ਦੇ ਪਰਿਵਾਰਿਕ ਮੈਂਬਰ ਜਾਂਚ ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਦੋਸ਼ ਬੇਬੁਨਿਆਦ ਹੈ ਕਿ ਉਹ ਲੋਕ ਜਾਂਚ ਤੋਂ ਬਚ ਰਹੇ ਹਨ। 

ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 31 ਮਾਰਚ ਨੂੰ ਹੀ ਮੌਲਾਨਾ ਸਾਦ ਸਮੇਤ 7 ਲੋਕਾਂ ਖਿਲਾਫ ਲਾਕਡਾਊਨ ਦੇ ਆਦੇਸ਼ ਦਾ ਖੁੱਲਾ ਉਲੰਘਣ ਕਰਨ ਦੇ ਮਾਮਲੇ 'ਚ ਐੱਫ.ਆਈ.ਆਰ ਦਰਜ ਕੀਤੀ ਸੀ। ਦੱਸ ਦੇਈਏ ਕਿ ਬੀਤੇ ਮਹੀਨੇ ਨਿਜ਼ਾਮੂਦੀਨ ਮਰਕਜ਼ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜੋ ਦੇਸ਼ 'ਚ ਕੋਰੋਨਾ ਦਾ ਵੱਡਾ ਹਾਟਸਪਾਟ ਬਣਿਆ ਸੀ। ਦੇਸ਼ ਦੇ ਕਈ ਸੂਬਿਆਂ ਤੋਂ ਆਏ ਜਮਾਤੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਸੀ, ਜਿਨ੍ਹਾਂ 'ਚ ਹਾਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਇਨਫੈਕਟਡ ਪਾਏ ਗਏ ਹਨ।


Iqbalkaur

Content Editor

Related News