ED ਨੇ ਕਾਰੋਬਾਰੀ ਗੌਤਮ ਥਾਪਰ ਦੀ 78 ਕਰੋੜ ਦੀ ਜ਼ਮੀਨ ਕੀਤੀ ਕੁਰਕ
Saturday, Sep 07, 2024 - 05:48 PM (IST)
ਨਵੀਂ ਦਿੱਲੀ (ਭਾਸ਼ਾ)- ਯੈੱਸ ਬੈਂਕ 'ਚ 466 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ ਧੋਖਾਧੜੀ ਦੀ ਜਾਂਚ ਦੇ ਅਧੀਨ ਕਾਰੋਬਾਰੀ ਗੌਤਮ ਥਾਪਰ ਦੀ ਮਲਕੀਅਤ ਵਾਲੀ ਇਕ ਕੰਪਨੀ ਦੀ 78 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਜ਼ਮੀਨ ਕੁਰਕ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ 52.11 ਏਕੜ ਜ਼ਮੀਨ ਨੂੰ ਅਸਥਾਈ ਰੂਪ ਨਾਲ ਕੁਰਕ ਕੀਤਾ ਗਿਆ ਹੈ। ਇਹ ਜਾਂਚ ਆਇਸਟਰ ਬਿਲਡਵੇਲ ਪ੍ਰਾਈਵੇਟ ਲਿਮਟਿਡ (ਓ.ਬੀ.ਪੀ.ਐੱਲ.) ਨਾਮੀ ਕੰਪਨੀ ਨਾਲ ਸੰਬੰਧਤ ਹੈ, ਜਿਸ 'ਚ ਇਸ ਦੇ ਮਾਲਕ ਗੌਤਮ ਥਾਪਰ ਨੂੰ ਲਾਭ ਮਿਲਿਆ। ਈ.ਡੀ. ਵਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜ ਮਾਮਲਾ ਥਾਪਰ, ਓਬੀਪੀਐੱਲ ਅਤੇ ਵਪਾਰੀ ਦੀ ਹੋਰ ਕੰਪਨੀ ਅਵੰਤਾ ਰਿਐਲਟੀ ਲਿਮਟਿਡ ਖ਼ਿਲਾਫ਼ ਸੀ.ਬੀ.ਆਈ. ਦੀ ਸ਼ਿਕਾਇਤ ਤੋਂ ਪੈਦਾ ਹੋਇਆ ਹੈ।
ਦੋਸ਼ ਹੈ ਕਿ ਉਨ੍ਹਾਂ ਨੇ 2017 ਅਤੇ 2019 ਦਰਮਿਆਨ ਜਨਤਾ ਦੇ ਪੈਸੇ ਦੀ ਹੇਰਾਫੇਰੀ ਲਈ ਧੋਖਾਧੜੀ ਅਤੇ ਜਾਲਸਾਜ਼ੀ ਕੀਤੀ ਅਤੇ ਯੈੱਸ ਬੈਂਕ ਨੂੰ 466.51 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ। ਏਜੰਸੀ ਨੇ ਦੋਸ਼ ਲਗਾਇਆ,''ਇਸ ਕਰਜ਼ ਰਾਸ਼ੀ 'ਚ 14.11 ਕਰੋੜ ਰੁਪਏ ਯੈੱਸ ਬੈਂਕ ਨੇ ਕਰਜ਼ ਪ੍ਰੋਸੈਸਿੰਗ ਫੀਸ ਵਜੋਂ ਰੱਖ ਲਏ ਅਤੇ ਬਾਕੀ 500.11 ਕਰੋੜ ਰੁਪਏ ਓਬੀਪੀਐੱਲ ਨੇ ਫਰਜ਼ੀ ਸੰਚਾਲਨ ਅਤੇ ਸਾਂਭ-ਸੰਭਾਲ ਸਮਝੌਤਿਆਂ ਦੀ ਆੜ 'ਚ ਆਪਣੀਆਂ ਸਹਿਯੋਗੀ ਕੰਪਨੀਆਂ ਨੂੰ ਟਰਾਂਸਫਰ ਕਰ ਦਿੱਤੇ।'' ਈ.ਡੀ. ਨੇ ਇਸ ਜਾਂਚ ਦੇ ਅਧੀਨ ਪਹਿਲੇ ਦਿੱਲੀ 'ਚ ਇਕ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ 'ਚ ਥਾਪਰ ਅਤੇ ਯੈੱਸ ਬੈਂਕ ਦੇ ਸਾਬਕਾ ਪ੍ਰਮੋਟਰ ਰਾਣਾ ਕਪੂਰ ਸਮੇਤ 18 ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਥਾਪਰ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਸਿਹਤ ਕਾਰਨਾਂ ਕਰ ਕੇ ਜ਼ਮਾਨਤ 'ਤੇ ਬਾਹਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8