ED ਦਾ ਸ਼ਿਕੰਜਾ, ਹਵਾਲਾ ਕਾਰੋਬਾਰੀ ਨਰੇਸ਼ ਜੈਨ ਦੀ 21 ਕਰੋੜ ਦੀ ਜਾਇਦਾਦ ਕੀਤੀ ਜ਼ਬਤ
Wednesday, Apr 19, 2023 - 04:14 PM (IST)
ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਹਵਾਲਾ ਕਾਰੋਬਾਰੀ ਨਰੇਸ਼ ਜੈਨ ਦੀ 21 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਮਨੀ ਲਾਂਡਰਿੰਗ ਜਾਂਚ ਤਹਿਤ ਜ਼ਬਤ ਕੀਤੀ ਹੈ, ਜਿਸ 'ਚ ਫਲੈਟ ਅਤੇ ਜ਼ਮੀਨ ਵੀ ਸ਼ਾਮਲ ਹੈ। ED ਨੇ ਇਕ ਬਿਆਨ 'ਚ ਕਿਹਾ ਕਿ ਕੁੱਲ 5 ਅਚਲ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ, ਜੋ ਕਿ ਮੱਧ ਪ੍ਰਦੇਸ਼ ਦੇ ਇੰਦੌਰ, ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ, ਹਿਮਾਚਲ ਪ੍ਰਦੇਸ਼ ਦੇ ਸੋਲਨ ਅਤੇ ਗੁਜਰਾਤ ਦੇ ਗਾਂਧੀਨਗਰ 'ਚ ਸਥਿਤ ਹੈ।
ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਇਕ ਅੰਤਿਮ ਹੁਕਮ ਜਾਰੀ ਕੀਤੇ ਜਾਣ ਮਗਰੋਂ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 21.31 ਕਰੋੜ ਰੁਪਏ ਹੈ। ਏਜੰਸੀ ਦਾ ਦੋਸ਼ ਹੈ ਕਿ ਨਰੇਸ਼ ਜੈਨ ਅਤੇ ਹੋਰਨਾਂ ਨੇ ਕੌਮਾਂਤਰੀ ਅਤੇ ਘਰੇਲੂ ਹਵਾਲਾ ਸੰਚਾਲਨ ਕੀਤਾ। ਨਰੇਸ਼ ਨੇ ਆਪਣੇ ਸਾਥੀਆਂ, ਕਰੀਬੀ ਲੋਕਾਂ, ਕਾਮਿਆਂ ਅਤੇ ਹੋਰ ਲੋਕਾਂ ਨਾਲ ਫਰਜ਼ੀ ਕੰਪਨੀਆਂ ਦੀ ਸਥਾਪਨਾ ਕੀਤੀ।
ਦੱਸ ਦੇਈਏ ਕਿ ਹਵਾਲਾ ਕਾਰੋਬਾਰ ਟੈਕਸ ਅਤੇ ਵੱਖ-ਵੱਖ ਏਜੰਸੀਆਂ ਤੋਂ ਬਚਣ ਲਈ ਗੁਪਤ ਤਰੀਕੇ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਨਕਦੀ ਦੇ ਲੈਣ-ਦੇਣ ਨਾਲ ਸਬੰਧਤ ਹੈ। ਦੋਸ਼ ਮੁਤਾਬਕ ਜੈਨ ਨੇ 450 ਭਾਰਤੀ ਇਕਾਈਆਂ ਅਤੇ 104 ਵਿਦੇਸ਼ੀ ਇਕਾਈਆਂ ਦਾ ਗਠਨ ਕਰ ਕੇ ਉਨ੍ਹਾਂ ਦਾ ਸੰਚਾਲਨ ਕੀਤਾ। ਜੈਨ ਨੂੰ ਆਖਰੀ ਵਾਰ ਸਤੰਬਰ 2020 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੈਨ ਨੂੰ ਪਿਛਲੇ ਸਾਲ 550 ਤੋਂ ਵੱਧ ਮੁਖੌਟਾ ਕੰਪਨੀਆਂ ਜ਼ਰੀਏ 1 ਲੱਖ ਕਰੋੜ ਰੁਪਏ ਤੋਂ ਵਧ ਦੇ ਲੈਣ-ਦੇਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।