ED ਨੇ ਮਨੀ ਲਾਂਡਰਿੰਗ ਦੇ ਮਾਮਲੇ ''ਚ IAS ਅਧਿਕਾਰੀ ਅਤੇ 2 ਹੋਰ ਨੂੰ ਗ੍ਰਿਫ਼ਤਾਰ ਕੀਤਾ
Thursday, Oct 13, 2022 - 11:10 AM (IST)
ਰਾਏਪੁਰ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਛਾਪੇਮਾਰੀ ਤੋਂ ਬਾਅਦ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ ਸਮੀਰ ਵਿਸ਼ਨੋਈ ਅਤੇ 2 ਹੋਰ ਲੋਕਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਇਆ ਕਿ ਸੰਘੀਏ ਏਜੰਸੀ ਨੇ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਇੰਦਰਮਣੀ ਗਰੁੱਪ ਦੇ ਕਾਰੋਬਾਰੀ ਸੁਨੀਲ ਅਗਰਵਾਲ ਅਤੇ 'ਫਰਾਰ' ਕਾਰੋਬਾਰੀ ਸੂਰੀਆਕਾਂਤ ਤਿਵਾਰੀ ਦੇ ਰਿਸ਼ਤੇਦਾਰ ਲਕਸ਼ਮੀਕਾਂਤ ਤਿਵਾਰੀ ਨੂੰ ਸਵੇਰੇ ਹਿਰਾਸਤ 'ਚ ਲਿਆ। ਤਿੰਨਾਂ ਲੋਕਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਈ.ਡੀ. ਉਨ੍ਹਾਂ ਦੀ ਹਿਰਾਸਤ ਲਈ ਬੇਨਤੀ ਕਰੇਗੀ।
ਏਜੰਸੀ ਨੇ ਬੁੱਧਵਾਰ ਨੂੰ ਰਾਏਪੁਰ ਸਥਿਤ 'ਛੱਤੀਸਗੜ੍ਹ ਇਨਫੋਟੈਕ ਪ੍ਰਮੋਸ਼ਨ ਸੁਸਾਇਟੀ' ਦੇ ਸੀ.ਈ.ਓ. ਵਿਸ਼ਨੋਈ ਤੋਂ ਪੁੱਛਗਿੱਛ ਕੀਤੀ ਸੀ। ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਨਿੱਜੀ ਸੰਸਥਾਵਾਂ ਦੇ ਕਥਿਤ ਗਠਜੋੜ ਵੱਲੋਂ ਸੂਬੇ 'ਚ ਟਰਾਂਸਪੋਰਟਰਾਂ ਤੋਂ 'ਗੈਰ-ਕਾਨੂੰਨੀ ਜ਼ਬਰੀ ਵਸੂਲੀ' ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਏਜੰਸੀ ਨੇ11 ਅਕਤੂਬਰ ਨੂੰ ਛੱਤੀਸਗੜ੍ਹ 'ਚ ਕਈ ਛਾਪੇ ਮਾਰਨ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ। ਏਜੰਸੀ ਨੇ ਆਈ.ਏ.ਐੱਸ. ਅਧਿਕਾਰੀ ਅਤੇ ਰਾਏਗੜ੍ਹ ਜ਼ਿਲ੍ਹਾ ਮੈਜਿਸਟਰੇਟ ਰਾਨੂ ਸਾਹੂ ਦੀ ਰਿਹਾਇਸ਼ ਨੂੰ ਵੀ ਸੀਲ ਕਰ ਦਿੱਤਾ ਸੀ ਕਿਉਂਕਿ ਉਹ ਛਾਪੇਮਾਰੀ ਦੌਰਾਨ ਨਹੀਂ ਮਿਲੀ ਸੀ। ਸਾਹੂ ਨੇ ਏਜੰਸੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਕੋਈ ਮੈਡੀਕਲ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਨ੍ਹਾਂ ਨੇ ਜਾਂਚ 'ਚ ਸਹਿਯੋਗ ਦਾ ਭਰੋਸਾ ਦਿੱਤਾ।