ਆਨਲਾਈਨ ਸੱਟੇਬਾਜ਼ੀ : ED ਨੇ ਦੁਬਈ ’ਚ ਕਰੋੜਾਂ ਰੁਪਏ ਦੀ ਜਾਇਦਾਦ ਕੀਤੀ ਕੁਰਕ
Monday, Sep 22, 2025 - 10:41 PM (IST)

ਨਵੀਂ ਦਿੱਲੀ, (ਭਾਸ਼ਾ)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ‘ਫੇਅਰਪਲੇਅ’ ਮੰਚ ਨਾਲ ਜੁੜੇ ਆਨਲਾਈਨ ਸੱਟੇਬਾਜ਼ੀ ਤੇ ਪ੍ਰਸਾਰਣ ਮਾਮਲੇ ’ਚ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ ਤਹਿਤ ਦੁਬਈ ਵਿਚ ਕੁਲ 307 ਕਰੋੜ ਰੁਪਏ ਦੀ ਜ਼ਮੀਨ, ਵਿਲਾ ਤੇ ਫਲੈਟ ਕੁਰਕ ਕੀਤੇ ਅਤੇ ਭਾਰਤ ਵਿਚ ਬੈਂਕ ਜਮ੍ਹਾ ਰਾਸ਼ੀ ਜ਼ਬਤ ਕੀਤੀ।
ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡ੍ਰਿੰਗ ਦਾ ਇਹ ਮਾਮਲਾ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੀ ਗਈ ਇਕ ਐੱਫ. ਆਈ. ਆਰ. ਤੋਂ ਬਾਅਦ ਸਾਹਮਣੇ ਆਇਆ ਹੈ। ਇਹ ਸ਼ਿਕਾਇਤ ਵਾਯਕਾਮ 18 ਮੀਡੀਆ ਵੱਲੋਂ ‘ਫੇਅਰਪਲੇਅ’ ਤੇ ਹੋਰਨਾਂ ਖਿਲਾਫ ਭੇਜੇ ਗਏ ਪੱਤਰ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ, ਜਿਸ ਵਿਚ ਸੂਚਨਾ ਤਕਨੀਕ (ਆਈ. ਟੀ.) ਤੇ ਕਾਪੀਰਾਈਟ ਐਕਟ ਦੀ ਉਲੰਘਣਾ ਕਾਰਨ ਕੰਪਨੀ ਨੂੰ 100 ਕਰੋੜ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਦੋਸ਼ ਲਾਇਆ ਗਿਆ ਸੀ।
ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਇਸ ਤੋਂ ਬਾਅਦ ‘ਫੇਅਰਪਲੇਅ’ ਤੇ ਉਸ ਦੇ ਸਹਿਯੋਗੀਆਂ ਸਮੇਤ ਵੱਖ-ਵੱਖ ਕੰਪਨੀਆਂ ਖਿਲਾਫ ‘ਗੈਰ-ਕਾਨੂੰਨੀ’ ਆਨਲਾਈਨ ਸੱਟੇਬਾਜ਼ੀ ਦੇ ਦੋਸ਼ ਵਿਚ ਦਰਜ ਕੀਤੀਆਂ ਗਈਆਂ ਕਈ ਹੋਰ ਐੱਫ. ਆਈ. ਆਰਜ਼ ਨੂੰ ਜਾਂਚ ਲਈ ਇਕੱਠਾ ਜੋੜ ਦਿੱਤਾ ਗਿਆ।