ਕਸ਼ਮੀਰ ''ਚ ਵਾਤਾਵਰਣ ਦੀ ਸੁਰੱਖਿਆ ਲਈ ਹੁਣ ਚੱਲਣਗੀਆਂ ''ਇਕੋ-ਫਰੈਂਡਲੀ ਬੱਸਾਂ''
Thursday, Nov 21, 2019 - 01:22 PM (IST)
ਜੰਮੂ (ਵਾਰਤਾ)— ਜੰਮੂ-ਕਸ਼ਮੀਰ ਸਰਕਾਰ ਨੇ 15 ਸਾਲ ਪੁਰਾਣੀਆਂ ਬੱਸਾਂ ਦੀ ਥਾਂ 'ਤੇ ਹੁਣ ਵਾਤਾਵਰਣ ਦੇ ਅਨੁਕੂਲ (ਇਕੋ ਫਰੈਂਡਲੀ) ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਜੰਮੂ-ਕਸ਼ਮੀਰ ਟਰਾਂਸਪੋਰਟ ਸਬਸਿਡੀ ਯੋਜਨਾ ਸ਼ੁਰੂ ਕਰਨ ਲਈ ਰਸਮੀ ਰੂਪ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਟਰਾਂਸਪੋਰਟਰਾਂ ਜਾਂ ਬੱਸ ਮਾਲਕਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ, ਤਾਂ ਕਿ ਉਹ ਆਪਣੀਆਂ ਪੁਰਾਣੀਆਂ ਬੱਸਾਂ ਦੀ ਥਾਂ 'ਤੇ ਨਵੀਆਂ ਇਕੋ-ਫਰੈਂਡਲੀ ਬੱਸਾਂ ਖਰੀਦ ਸਕਣ। ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਡਾ. ਅਸਗਰ ਹਸਨ ਸਾਮੂਨ ਵਲੋਂ ਬੁੱਧਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਗਿਆ ਕਿ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਅਤੇ ਨਵੀਂ ਇਕੋ-ਫਰੈਂਡਲੀ ਬੱਸਾਂ ਨੂੰ ਸ਼ੁਰੂ ਕਰਨ ਲਈ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਡਾ. ਸਾਮੂਨ ਨੇ ਇਹ ਵੀ ਕਿਹਾ ਕਿ ਇਸ ਨਾਲ ਭੀੜ, ਆਵਾਜਾਈ ਜਾਮ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਵੇਗਾ। ਇਸ ਯੋਜਨਾ ਦਾ ਮਕਸਦ ਵਧਦੀਆਂ ਕਾਰਾਂ, ਵਾਹਨ ਪਾਰਕਿੰਗ ਦੀ ਸਮੱਸਿਆ ਅਤੇ ਸੜਕਾਂ ਦੀ ਥਾਂ ਘੱਟ ਕਰਨ 'ਚ ਮਦਦ ਕਰਨਾ ਹੈ। ਵਿਸ਼ੇਸ਼ ਰੂਪ ਨਾਲ 2019-20 ਦੇ ਬਜਟ ਵਿਚ ਪ੍ਰਾਈਵੇਟ ਵਾਹਨ ਮਾਲਕਾਂ ਵਲੋਂ ਪੁਰਾਣੀਆਂ ਬੱਸਾਂ ਦੀ ਥਾਂ 'ਤੇ ਨਵੀਆਂ ਬੱਸਾਂ ਦੀ ਖਰੀਦ ਲਈ ਪਹਿਲਾਂ ਹੀ 25 ਕਰੋੜ ਰੁਪਏ ਰੱਖੇ ਗਏ ਹਨ। ਸਬਸਿਡੀ ਦੀ ਰਾਸ਼ੀ 5 ਲੱਖ ਰੁਪਏ ਪ੍ਰਤੀ ਬੱਸ ਹੋਵੇਗੀ। ਇਸ ਯੋਜਨਾ ਨੂੰ ਭਵਿੱਖ 'ਚ ਮਿੰਨੀ ਬੱਸਾਂ ਅਤੇ ਮੈਟਾਡੋਰਾਂ ਤਕ ਵਧਾਇਆ ਜਾ ਸਕਦਾ ਹੈ।