ਰਾਮ ਰਹੀਮ ਦੀ ਪੈਰੋਲ ਸ਼ਰਤਾਂ ਨਾਲ ਮਨਜ਼ੂਰ, ECI ਨੇ ਚੋਣ ਪ੍ਰਚਾਰ ਕਰਨ ''ਤੇ ਲਾਈ ਪਾਬੰਦੀ

Monday, Sep 30, 2024 - 10:17 PM (IST)

ਨੈਸ਼ਨਲ ਡੈਸਕ : ਚੋਣ ਕਮਿਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਪਟੀਸ਼ਨ ਨੂੰ ਸ਼ਰਤਾਂ ਸਮੇਤ ਮਨਜ਼ੂਰ ਕਰ ਲਿਆ ਹੈ। ਪੈਰੋਲ ਦੇ ਸਮੇਂ ਦੌਰਾਨ ਗੁਰਮੀਤ ਰਾਮ ਰਹੀਮ ਦੇ ਹਰਿਆਣਾ ਵਿਚ ਦਾਖਲ ਹੋਣ 'ਤੇ ਪਾਬੰਦੀ ਹੋਵੇਗੀ। ਗੁਰਮੀਤ ਰਾਮ ਰਹੀਮ ਕਿਸੇ ਚੋਣ ਪ੍ਰਚਾਰ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋ ਸਕਦਾ ਅਤੇ ਨਾ ਹੀ ਗੁਰਮੀਤ ਰਾਮ ਰਹੀਮ ਸੋਸ਼ਲ ਮੀਡੀਆ ਰਾਹੀਂ ਕਿਸੇ ਚੋਣ ਪ੍ਰਚਾਰ ਗਤੀਵਿਧੀ ਵਿਚ ਸ਼ਾਮਲ ਹੋਵੇਗਾ।

ਚੋਣ ਕਮਿਸ਼ਨ ਨੇ ਇਨ੍ਹਾਂ ਸ਼ਰਤਾਂ ਨਾਲ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ। ਹੁਣ ਹਰਿਆਣਾ ਸਰਕਾਰ ਜਲਦ ਹੀ ਗੁਰਮੀਤ ਰਾਮ ਰਹੀਮ ਦੇ ਪੈਰੋਲ 'ਤੇ ਬਾਹਰ ਆਉਣ 'ਤੇ ਹੁਕਮ ਜਾਰੀ ਕਰ ਸਕਦੀ ਹੈ। ਸੰਭਵ ਹੈ ਕਿ ਭਲਕੇ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਅਤੇ ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿਚ ਠਹਿਰ ਸਕਦਾ ਹੈ।

ਰਾਮ ਰਹੀਮ ਨੇ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ, ਰਾਜ ਸਰਕਾਰ ਨੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੂੰ ਪੈਰੋਲ ਲਈ ਬੇਨਤੀ ਭੇਜੀ ਸੀ। ਸੀਈਓ ਨੇ ਬਦਲੇ ਵਿਚ, ਦੋਸ਼ੀ ਦੇ ਪੈਰੋਲ ਸਬੰਧੀ  ਹਾਲਾਤਾਂ ਦੀ ਜਾਣਕਾਰੀ ਮੰਗੀ ਸੀ।

ਗੁਰਮੀਤ ਨੂੰ ਪੈਰੋਲ ਜਾਂ ਫਰਲੋ ਕਦੋਂ-ਕਦੋਂ ਮਿਲੀ?
24 ਅਕਤੂਬਰ 2020: ਰਾਮ ਰਹੀਮ ਨੂੰ ਪਹਿਲੀ ਵਾਰ ਹਸਪਤਾਲ 'ਚ ਭਰਤੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲੀ।
21 ਮਈ 2021: ਮਾਂ ਨੂੰ ਮਿਲਣ ਲਈ ਦੂਜੀ ਵਾਰ 12 ਘੰਟੇ ਲਈ ਪੈਰੋਲ ਦਿੱਤੀ ਗਈ।
7 ਫਰਵਰੀ 2022: ਡੇਰਾ ਮੁਖੀ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਛੁੱਟੀ ਮਿਲੀ।
ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ। ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ।
14 ਅਕਤੂਬਰ 2022: ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਉਹ ਬਾਗਪਤ ਆਸ਼ਰਮ ਵਿੱਚ ਰਹੇ ਅਤੇ ਇਸ ਦੌਰਾਨ ਸੰਗੀਤ ਦੇ ਵੀਡੀਓ ਵੀ ਜਾਰੀ ਕੀਤੇ।
21 ਜਨਵਰੀ 2023: ਛੇਵੀਂ ਵਾਰ 40 ਦਿਨਾਂ ਲਈ ਪੈਰੋਲ ਮਿਲੀ। ਉਹ ਜੇਲ੍ਹ ਤੋਂ ਬਾਹਰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
20 ਜੁਲਾਈ 2023: ਸੱਤਵੀਂ ਵਾਰ 30 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ।
21 ਨਵੰਬਰ 2023: ਰਾਮ ਰਹੀਮ 21 ਦਿਨਾਂ ਦੀ ਛੁੱਟੀ ਲੈ ਕੇ ਬਾਗਪਤ ਆਸ਼ਰਮ ਗਿਆ।
19 ਜਨਵਰੀ 2024: 50 ਦਿਨਾਂ ਲਈ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ। ਇਹ ਉਹ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸਨ।
13 ਅਗਸਤ 2024: ਹਾਈ ਕੋਰਟ ਨੇ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ। ਹੁਣ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਅਤੇ ਯੂਪੀ ਵਿੱਚ ਉਪ ਚੋਣਾਂ ਨੇੜੇ ਹਨ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੋ ਪ੍ਰੇਮੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।


Baljit Singh

Content Editor

Related News