ਪੂਰਬੀ ਯੂ. ਪੀ. ’ਚ ਲੁਕੀ ਹੈ ਦਿੱਲੀ ਦੀ ਸੱਤਾ ਦੀ ਚਾਬੀ
Saturday, Mar 30, 2019 - 02:54 AM (IST)

ਲਖਨਊ, (ਵਿਸ਼ੇਸ਼)– ਇਸ ਵਾਰ ਦੀਆਂ ਆਮ ਚੋਣਾਂ ’ਚ ਦਿੱਲੀ ਦੇ ਸਿੰਘਾਸਨ ਦੀ ਚਾਬੀ ਪੂਰਬੀ ਯੂ. ਪੀ. ’ਚ ਲੁਕੀ ਹੋਈ ਹੈ, ਜਿਥੇ ਤਿਕੋਣੇ ਮੁਕਾਬਲੇ ਦੇ ਆਸਾਰ ਹਨ। ਇਸ ਲਈ ਯੋਗੀ ਆਦਿਤਿਅਾਨਾਥ, ਅਖਿਲੇਸ਼ ਯਾਦਵ ਤੇ ਪ੍ਰਿਯੰਕਾ ਗਾਂਧੀ ਨੇ ਆਪਣਾ ਪੂਰਾ ਜ਼ੋਰ ਪੂਰਬੀ ਯੂ. ਪੀ. ’ਤੇ ਲਾਇਆ ਹੋਇਆ ਹੈ।
ਆਜ਼ਮਗੜ੍ਹ ਤੋਂ ਚੋਣ ਲੜਨ ਜਾ ਰਹੇ ਅਖਿਲੇਸ਼ ਯਾਦਵ ਪਹਿਲੀ ਵਾਰ ਇਸ ਇਲਾਕੇ ਤੋਂ ਚੋਣ ਮੈਦਾਨ ’ਚ ਹਨ, ਜਿਥੇ ਲੋਕ ਸਭਾ ਦੀਆਂ 35 ਸੀਟਾਂ ਆਉਂਦੀਆਂ ਹਨ। ਭਾਜਪਾ ਨੇ ਸਾਲ 2014 ਦੀਆਂ ਲੋਕ ਸਭਾ ਅਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਇਲਾਕੇ ’ਤੇ ਆਪਣਾ ਕਬਜ਼ਾ ਕੀਤਾ ਹੈ। ਸਾਲ 2014 ਦੀਆਂ ਚੋਣਾਂ ’ਚ ਭਾਜਪਾ ਨੇ ਪੂਰਬੀ ਯੂ. ਪੀ. ਦੀ 35 ’ਚੋਂ 32 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। 2014 ਦੀਆਂ ਆਮ ਚੋਣਾਂ ’ਚ ਜਦੋਂ ਮੋਦੀ ਲਹਿਰ ’ਚ ਭਾਜਪਾ ਨੇ ਪੂਰੇ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ ਉਦੋਂ ਅਖਿਲੇਸ਼ ਦੇ ਪਿਤਾ ਤੇ ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਆਜ਼ਮਗੜ੍ਹ ਤੋਂ 60 ਹਜ਼ਾਰ ਵੋਟਾਂ ਨਾਲ ਜਿੱਤੇ ਸਨ।
ਅਖਿਲੇਸ਼ ਖਿਲਾਫ ਉੱਤਰ ਸਕਦੇ ਹਨ ਨਿਰਹੂਆ
ਭਾਜਪਾ ਨੇ ਅਜੇ ਇਥੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਇਸ ਸੀਟ ਤੋਂ ਭੋਜਪੁਰੀ ਫਿਲਮ ਸਟਾਰ ਦਿਨੇਸ਼ ਲਾਲ ਯਾਦਵ ਉਰਫ ਨਿਰਹੂਆ ਨੂੰ ਟਿਕਟ ਮਿਲ ਸਕਦੀ ਹੈ। ਆਜ਼ਮਗੜ੍ਹ ’ਚ ਇਕ ਵੱਡੀ ਆਬਾਦੀ ਯਾਦਵ ਤੇ ਮੁਸਲਿਮ ਭਾਈਚਾਰੇ ਦੀ ਹੈ, ਇਸ ਲਈ ਜਾਤੀ ਸਮੀਕਰਨ ਅਖਿਲੇਸ਼ ਯਾਦਵ ਦੇ ਪੱਖ ’ਚ ਹਨ। ਨਿਰਹੂਆ ਗੁਅਾਂਢ ਦੇ ਗਾਜ਼ੀਪੁਰ ਜ਼ਿਲੇ ਦੇ ਰਹਿਣ ਵਾਲੇ ਹਨ ਅਤੇ ਭਾਜਪਾ ਨੂੰ ਆਸ ਹੈ ਕਿ ਉਨ੍ਹਾਂ ਦੇ ਸਟਾਰ ਅਕਸ ਦਾ ਕਮਾਲ ਆਜ਼ਮਗੜ੍ਹ ’ਚ ਦਿਖਾਈ ਦੇਵੇਗਾ।
ਇਕ ਦਹਾਕੇ ਤੋਂ ਖੇਤਰੀ ਦਲਾਂ ਦਾ ਦਬਦਬਾ
ਰਾਮ ਜਨਮ ਭੂਮੀ ਅੰਦੋਲਨ ਅਤੇ 3 ਧਾਰਮਿਕ ਸ਼ਹਿਰਾਂ ਅਯੁੱਧਿਆ, ਗੋਰਖਪੁਰ (ਗੋਰਕਸ਼ਨਾਥ ਮੰਦਰ) ਤੇ ਵਾਰਾਣਸੀ (ਕਾਸ਼ੀ ਵਿਸ਼ਵਨਾਥ ਮੰਦਰ) ਨੇ ਭਾਜਪਾ ਦੀ ਮਦਦ ਕੀਤੀ ਪਰ ਸਾਲ 1993 ’ਚ ਸਪਾ ਤੇ ਬਸਪਾ ਦੇ ਗਠਜੋੜ ਨੇ ਭਗਵਾ ਬ੍ਰਿਗੇਡ ਨੂੰ ਤਕੜਾ ਝਟਕਾ ਦਿੱਤਾ। ਇਕ ਦਹਾਕੇ ਤਕ ਇਸ ਖੇਤਰ ’ਤੇ ਖੇਤਰੀ ਦਲਾਂ ਦਾ ਦਬਦਬਾ ਰਿਹਾ। ਭਾਜਪਾ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ’ਚ 10 ਸੀਟਾਂ ਤਕ ਸਿਮਟ ਕੇ ਰਹਿ ਗਈ ਸੀ। ਹਾਲਾਂਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਜਾਤੀ ਸਮੀਕਰਨ ਆਪਣੇ ਪੱਖ ’ਚ ਕੀਤਾ ਤੇ ਸਪਾ ਤੋਂ ਗੈਰ-ਯਾਦਵ ਓ. ਬੀ. ਸੀ. ਵੋਟਾਂ ਦਾ ਇਕ ਵੱਡਾ ਹਿੱਸਾ ਅਤੇ ਬਸਪਾ ਤੋਂ ਗੈਰ-ਦਲਿਤ ਵੋਟਾਂ ਨੂੰ ਆਪਣੇ ਪੱਖ ’ਚ ਕਰ ਲਿਆ।
ਭਾਜਪਾ ਦਾ ਮੁੱਦਾ ਵਿਕਾਸ
ਭਾਜਪਾ ਵਾਰਾਣਸੀ ਤੇ ਗੋਰਖਪੁਰ ’ਚ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਚੋਣਾਂ ’ਚ ਉੱਤਰ ਰਹੀ ਹੈ। ਮੋਦੀ ਨੇ ਸਾਲ 2014 ਤੋਂ ਲੈ ਕੇ ਹੁਣ ਤਕ ਵਾਰਾਣਸੀ ’ਚ ਵਿਕਾਸ ਕੰਮਾਂ ’ਤੇ 2 ਲੱਖ ਕਰੋੜ ਰੁਪਏ ਖਰਚੇ ਹਨ। ਯੋਗੀ ਨੇ ਵੀ ਗੋਰਖਪੁਰ ਲਈ ਇਹੀ ਮਾਡਲ ਅਪਣਾਇਆ ਹੈ। ਉਧਰ ਕਾਂਗਰਸ ਨੇ ਦੇਰੀ ਨਾਲ ਸ਼ੁਰੂਆਤ ਕੀਤੀ ਪਰ ਪ੍ਰਿਯੰਕਾ ਗਾਂਧੀ ਦੇ ਆਉਣ ਤੋਂ ਬਾਅਦ ਹੁਣ ਉਸ ਦੀ ਮੁਹਿੰਮ ਵੀ ਜ਼ੋਰ ਫੜ ਰਹੀ ਹੈ। ਪ੍ਰਿਯੰਕਾ ਨੇ ਇਲਾਹਾਬਾਦ ਤੋਂ ਵਾਰਾਣਸੀ ਤਕ ਗੰਗਾ ਯਾਤਰਾ ਜ਼ਰੀਏ ਆਪਣੇ ਵਰਕਰਾਂ ’ਚ ਜ਼ੋਸ਼ ਭਰਨ ਦੀ ਕੋਸ਼ਿਸ਼ ਕੀਤੀ। ਜੇਕਰ ਕਾਂਗਰਸ ਨੂੰ ਇਸ ਖੇਤਰ ’ਚ ਮਜ਼ਬੂਤੀ ਮਿਲਦੀ ਹੈ ਤਾਂ ਸਪਾ, ਬਸਪਾ ਤੇ ਭਾਜਪਾ ਨੂੰ ਨੁਕਸਾਨ ਹੋਵੇਗਾ।
ਨਿਸ਼ਾਦ ਵੋਟਾਂ ਦੀ ਇਕਜੁੱਟਤਾ ਨਾਲ ਹਾਰੀ ਸੀ ਭਾਜਪਾ
ਗੋਰਖਪੁਰ ਲੋਕ ਸਭਾ ਸੀਟ ’ਤੇ ਨਿਸ਼ਾਦ ਵੋਟਾਂ ਫੈਸਲਾਕੁੰਨ ਸਥਿਤੀ ’ਚ ਹਨ ਕਿਉਂਕਿ ਮੰਦਰ ਦਾ ਨਿਸ਼ਾਦ ਸਮਾਜ ’ਤੇ ਪ੍ਰਭਾਵ ਰਿਹਾ ਹੈ, ਇਸ ਲਈ ਭਾਵੇਂ ਜੋ ਵੀ ਉਮੀਦਵਾਰ ਰਿਹਾ ਹੋਵੇ, ਨਿਸ਼ਾਦ ਸਮਾਜ ਨੇ ਮੰਦਰ ਦੇ ਉਮੀਦਵਾਰ ਨੂੰ ਵੋਟ ਕੀਤਾ ਪਰ 1999 ’ਚ ਸਪਾ ਨੇ ਜਮੁਨਾ ਨੂੰ ਉਮੀਦਵਾਰ ਬਣਾ ਦਿੱਤਾ। ਜਾਤੀ ਉਮੀਦਵਾਰ ਹੋਣ ਦੇ ਨਾਤੇ ਨਿਸ਼ਾਦ ਸਮਾਜ ਨੇ ਇਕਜੁੱਟਤਾ ਦਿਖਾਈ ਅਤੇ ਭਾਜਪਾ ਦੇ ਤਤਕਾਲੀ ਉਮੀਦਵਾਰ ਯੋਗੀ ਆਦਿਤਿਆਨਾਥ ਜਿੱਤ ਤਾਂ ਗਏ ਪਰ ਸਿਰਫ ਕੁਝ ਹਜ਼ਾਰ ਦਾ ਹੀ ਜਿੱਤ-ਹਾਰ ਦਾ ਫਰਕ ਰਿਹਾ। 2017 ’ਚ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਸੀਟ ’ਤੇ ਚੋਣਾਂ ਹੋਈਆਂ। ਸਪਾ ਨੇ ਇਸ ਵਾਰ ਵੀ ਮਾਸਟਰ ਸਟ੍ਰੋਕ ਖੇਡਿਆ ਅਤੇ ਨਿਸ਼ਾਦ ਸਮਾਜ ’ਚ ਚੰਗੀ ਪੈਠ ਰੱਖਣ ਵਾਲੇ ਨਿਸ਼ਾਦ ਸਮਾਜ ਦੇ ਨੇਤਾ ਡਾ. ਸੰਜੇ ਨਿਸ਼ਾਦ ਦੇ ਬੇਟੇ ਨੂੰ ਸਪਾ ਦੇ ਸਿੰਬਲ ’ਤੇ ਚੋਣ ਮੈਦਾਨ ’ਚ ਉਤਾਰ ਦਿੱਤਾ। ਇਸ ਚੋਣ ’ਚ ਬਸਪਾ ਵੀ ਨਾਲ ਆ ਗਈ। ਸਪਾ ਕੋਲ ਯਾਦਵ ਤੇ ਮੁਸਲਮਾਨ ਦਾ ਵੋਟ ਬੈਂਕ ਸੀ ਤਾਂ ਬਸਪਾ ਕੋਲ ਦਲਿਤਾਂ ਦਾ ਬੇਸ ਵੋਟ। ਨਿਸ਼ਾਦ ਸਮਾਜ ਨੇ ਇਕਜੁੱਟਤਾ ਦਿਖਾਈ ਅਤੇ ਉਪ ਚੋਣਾਂ ’ਚ ਸੱਤਾਧਾਰੀ ਦਲ ਭਾਜਪਾ ਦਾ 3 ਦਹਾਕੇ ਪੁਰਾਣਾ ਕਿਲਾ ਢਹਿ ਗਿਆ। ਇਸ ਵਾਰ ਲੋਕ ਸਭਾ ਚੋਣਾਂ ’ਚ ਸਪਾ ਨੇ ਇਸ ਫਾਰਮੂਲੇ ’ਤੇ ਕੰਮ ਕਰਦੇ ਹੋਏ ਫਿਰ ਤੋਂ ਪ੍ਰਵੀਨ ਨਿਸ਼ਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ।