ਦਰਾਣੀ-ਜਠਾਣੀ ਦੀ ਸਿਆਸੀ ਲੜਾਈ ’ਚ ਦਿਲਚਸਪ ਹੋਇਆ ਦੁਮਕਾ ਦਾ ਮੁਕਾਬਲਾ

05/30/2024 10:37:19 AM

ਨੈਸ਼ਨਲ ਡੈਸਕ- ਝਾਰਖੰਡ ਦੀ ਉੱਪ ਰਾਜਧਾਨੀ ਦੁਮਕਾ ਵਿਚ ਝਾਰਖੰਡ ਮੁਕਤੀ ਮੋਰਚਾ-ਜੇ. ਐੱਮ. ਐੱਮ. ਪ੍ਰਧਾਨ ਸ਼ਿਬੂ ਸੋਰੇਨ ਦੀ ਵੱਡੀ ਨੂੰਹ ਸੀਤਾ ਸੋਰੇਨ ਚੋਣਾਂ ਦੌਰਾਨ ਆਪਣੇ ਸਹੁਰੇ ਵੱਲੋਂ ਖੜ੍ਹੀ ਕੀਤੀ ਗਈ ਪਾਰਟੀ ਨੂੰ ਤਬਾਹ ਕਰਨ ਲਈ ਮੈਦਾਨ ’ਚ ਹੈ। ਹਾਲਾਂਕਿ ਉਸ ਦੇ ਖਿਲਾਫ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਨਹੀਂ ਲੜ ਰਿਹਾ ਅਤੇ ਜੇ. ਐੱਮ. ਐੱਮ. ਨੇ ਸ਼ਿਕਾਰੀਪਾੜਾ ਤੋਂ ਲਗਾਤਾਰ 7 ਵਾਰ ਵਿਧਾਇਕ ਚੁਣੇ ਗਏ ਨਲਿਨ ਸੋਰੇਨ ਨੂੰ ਮੈਦਾਨ ’ਚ ਉਤਾਰਿਆ ਹੈ। ਪਾਰਟੀ ਵੱਲੋਂ ਭਾਵੇਂ ਨਲਿਨ ਸੋਰੇਨ ਉਮੀਦਵਾਰ ਹਨ ਪਰ ਪਾਰਟੀ ਦੀ ਚੋਣ ਮੁਹਿੰਮ ਦੀ ਕਮਾਨ ਸ਼ਿਬੂ ਸੋਰੇਨ ਦੀ ਛੋਟੀ ਨੂੰਹ ਕਲਪਨਾ ਸੋਰੇਨ ਸੰਭਾਲ ਰਹੀ ਹੈ। ਆਪਣੇ ਪਤੀ ਹੇਮੰਤ ਸੋਰੇਨ ਦੇ ਜੇਲ ਜਾਣ ਤੋਂ ਬਾਅਦ ਕਲਪਨਾ ਨੇ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਚੋਣ ਰਣਨੀਤੀ ਤੈਅ ਕਰਨ ’ਚ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਗਈ ਹੈ।

ਉਹ ਲਗਾਤਾਰ ਰੈਲੀਆਂ ਅਤੇ ਮੀਟਿੰਗਾਂ ਕਰ ਰਹੀ ਹੈ। ਕਲਪਨਾ ਸੋਰੇਨ ਦੇ ਅੱਗੇ ਆਉਣ ਨਾਲ ਜੇ. ਐੱਮ. ਐੱਮ. ਦੇ ਕਾਡਰ ਇਕਜੁੱਟ ਹੋਣ ਲੱਗੇ ਹਨ। ਮੋਰਚਾ ਪ੍ਰਧਾਨ ਸ਼ਿਬੂ ਸੋਰੇਨ ਪਾਰਟੀ ਵਰਕਰ ਕਲਪਨਾ ਸੋਰੇਨ ਨਾਲ ਨਜ਼ਰ ਆ ਰਹੇ ਹਨ, ਜਦਕਿ ਸੀਤਾ ਸੋਰੇਨ ਵੀ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੇ ਸਹੁਰੇ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ 3 ਦਿਨ ਬਾਅਦ 19 ਮਾਰਚ ਨੂੰ ਅਚਾਨਕ ਆਪਣੀ ਪਰਿਵਾਰਕ ਪਾਰਟੀ ਤੋਂ 15 ਸਾਲ ਪੁਰਾਣਾ ਨਾਤਾ ਤੋੜ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ। ਇਸ ਤੋਂ 5 ਦਿਨਾਂ ਬਾਅਦ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕੀਤੀ, ਜਿਸ ’ਚ ਪਾਰਟੀ ਨੇ ਪਹਿਲਾਂ ਤੋਂ ਐਲਾਨੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਸੋਰੇਨ ਦਾ ਨਾਂ ਕੱਟ ਕੇ ਸੀਤਾ ਸੋਰੇਨ ਨੂੰ ਉਮੀਦਵਾਰ ਬਣਾ ਦਿੱਤਾ ਸੀ।


Tanu

Content Editor

Related News