ਆਰਥਿਕ ਮੰਦੀ ਕਾਰਨ ਧਨਤੇਰਸ ਵਪਾਰੀਆਂ ਲਈ ਰਿਹਾ ਬੇਹੱਦ ਫਿੱਕਾ
Saturday, Oct 26, 2019 - 10:32 AM (IST)

ਨਵੀਂ ਦਿੱਲੀ — ਦੀਵਾਲੀ ਵਰਗੇ ਵੱਡੇ ਤਿਉਹਾਰ ਦੀ ਗਹਿਮਾ-ਗਹਿਮੀ ਇਸ ਵਾਰ ਦੇਸ਼ ਭਰ ਦੇ ਬਾਜ਼ਾਰਾਂ ’ਚ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ ਹੈ ਤੇ ਹਰ ਕਿਸਮ ਦੇ ਵਪਾਰ ’ਚ ਡੂੰਘੀ ਮੰਦੀ ਛਾਈ ਹੋਈ ਹੈ। ਅੱਜ ਧਨਤੇਰਸ ਦੇ ਤਿਉਹਾਰੀ ਦਿਨ ’ਤੇ ਖਾਸ ਕਰ ਕੇ ਸੋਨੇ-ਚਾਂਦੀ, ਬਰਤਨ, ਕਿਚਨ ਇਕਵਿਪਮੈਂਟਸ, ਇਲੈਕਟ੍ਰਾਨਿਕਸ ਆਈਟਮਸ ਦੇ ਵਪਾਰੀਆਂ ਨੂੰ ਵਪਾਰ ’ਚ ਚੋਖੇ ਵਾਧੇ ਦੀ ਸੰਭਾਵਨਾ ਸੀ ਪਰ ਦੇਸ਼ ਭਰ ’ਚ ਵਪਾਰ ਅੱਜ ਵੀ ਬੇਹੱਦ ਸੁਸਤ ਰਿਹਾ ਅਤੇ ਗਾਹਕਾਂ ਦੀ ਕਮੀ ਵਿਖਾਈ ਦਿੱਤੀ।
ਲੋਕਾਂ ਨੇ ਖਰੀਦਿਆ ਨਾ-ਮਾਤਰ ਦਾ ਸੋਨਾ-ਚਾਂਦੀ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਦੀ ਗੋਲਡ ਐਂਡ ਜਿਊਲਰੀ ਕਮੇਟੀ ਦੇ ਚੇਅਰਮੈਨ ਪੰਕਜ ਅਰੋੜਾ ਨੇ ਅੱਜ ਦੇਸ਼ ਭਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਪਾਰੀਆਂ ਨਾਲ ਗੱਲਬਾਤ ਦੇ ਆਧਾਰ ’ਤੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਅੱਜ ਸੋਨਾ-ਚਾਂਦੀ ਦੇ ਵਪਾਰ ’ਚ ਲਗਭਗ 35 ਤੋਂ 40 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਬੇਹੱਦ ਚਿੰਤਾਜਨਕ ਹੈ। ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ’ਚ ਗਾਹਕ ਬੇਹੱਦ ਘੱਟ ਰਹੇ ਅਤੇ ਸਿਰਫ ਸ਼ਗਨ ਦੇ ਰੂਪ ’ਚ ਹੀ ਲੋਕਾਂ ਨੇ ਨਾ-ਮਾਤਰ ਦਾ ਸੋਨਾ-ਚਾਂਦੀ ਖਰੀਦਿਆ। ਧਨਤੇਰਸ ਦਾ ਦਿਨ ਸੋਨੇ-ਚਾਂਦੀ ਦੀ ਖਰੀਦਦਾਰੀ ਲਈ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ’ਤੇ ਵੀ ਬੇਹੱਦ ਮੰਦੀ ਨੇ ਦੇਸ਼ ਦੇ ਸਾਰੇ ਬਾਜ਼ਾਰਾਂ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ।
ਇੰਪੋਰਟ ਡਿਊਟੀ ’ਚ ਵਾਧੇ ਤੋਂ ਬਾਅਦ ਸੋਨੇ ਦਾ ਵਪਾਰ ਪਿਆ ਠੱਪ
ਪਿਛਲੇ ਸਾਲ ਧਨਤੇਰਸ ਨੂੰ ਸੋਨੇ ਦਾ ਭਾਅ 32,500 ਪ੍ਰਤੀ ਦਸ ਗ੍ਰਾਮ ਸੀ, ਜਦੋਂ ਕਿ ਅੱਜ ਸੋਨੇ ਦਾ ਭਾਅ 39,920 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਉਥੇ ਹੀ ਚਾਂਦੀ ਦਾ ਭਾਅ ਪਿਛਲੇ ਸਾਲ 39,000 ਰੁਪਏ ਕਿਲੋ ਸੀ, ਜਦੋਂ ਕਿ ਅੱਜ ਚਾਂਦੀ ਦਾ ਭਾਅ ਲਗਭਗ 48,000 ਰੁਪਏ ਪ੍ਰਤੀ ਕਿਲੋ ਰਿਹਾ। ਪਿਛਲੇ ਸਾਲ ਧਨਤੇਰਸ ਦੇ ਦਿਨ ਲਗਭਗ 17,000 ਕਿਲੋ ਸੋਨੇ ਦੀ ਵਿਕਰੀ ਹੋਈ ਸੀ, ਜਿਸ ਦੀ ਕੀਮਤ ਲਗਭਗ 5500 ਕਰੋਡ਼ ਰੁਪਏ ਸੀ, ਜਦੋਂ ਕਿ ਅੱਜ ਦੇਸ਼ ਭਰ ’ਚ ਲਗਭਗ 6000 ਕਿਲੋ ਦਾ ਵਪਾਰ ਹੋਇਆ, ਜਿਸ ਦੀ ਕੀਮਤ ਲਗਭਗ 2500 ਕਰੋਡ਼ ਰੁਪਏ ਹੈ। ਸਰਕਾਰ ਨੇ 4 ਮਹੀਨੇ ਪਹਿਲਾਂ ਸੋਨੇ ਦੀ ਇੰਪੋਰਟ ਡਿਊਟੀ ’ਚ ਵਾਧਾ ਕੀਤਾ ਹੈ, ਉਦੋਂ ਤੋਂ ਦੇਸ਼ ’ਚ ਸੋਨੇ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੈ। ਹਰ ਸਾਲ ਲਗਭਗ 900 ਟਨ ਸੋਨਾ ਇੰਪੋਰਟ ਹੁੰਦਾ ਹੈ, ਜਦੋਂ ਕਿ ਇਸ ਸਾਲ ਹੁਣ ਤੱਕ ਸਿਰਫ 400 ਟਨ ਸੋਨਾ ਹੀ ਇੰਪੋਰਟ ਹੋਇਆ ਹੈ। ਇੰਪੋਰਟ ਡਿਊਟੀ ’ਚ ਵਾਧਾ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਵਪਾਰ ਤੇਜ਼ੀ ਨਾਲ ਵਧਿਆ ਹੈ, ਜਿਸ ਕਾਰਣ ਈਮਾਨਦਾਰੀ ਨਾਲ ਵਪਾਰ ਕਰਨ ਵਾਲੇ ਵਪਾਰੀ ਬੇਹੱਦ ਪ੍ਰੇਸ਼ਾਨ ਹਨ।
ਵਪਾਰੀਆਂ ’ਚ ਖਤਮ ਹੋ ਗਿਆ ਦੀਵਾਲੀ ਦਾ ਉਤਸ਼ਾਹ
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤਿਯਾ ਅਤੇ ਕੌਮੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਲਗਭਗ ਇਹੀ ਹਾਲ ਬਰਤਨ, ਕਿਚਨ ਇਕਵਿਪਮੈਂਟ ਅਤੇ ਇਲੈਕਟ੍ਰਾਨਿਕਸ ਦੇ ਵਪਾਰ ’ਚ ਹੋਇਆ। ਇਨ੍ਹਾਂ ਵਸਤਾਂ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ ਅੱਜ ਲਗਭਗ 40 ਫ਼ੀਸਦੀ ਵਪਾਰ ਦੀ ਗਿਰਾਵਟ ਰਹੀ। ਧਨਤੇਰਸ ’ਤੇ ਇਨ੍ਹਾਂ ਵਸਤਾਂ ਦੀ ਖਰੀਦ ਵੀ ਬੇਹੱਦ ਸ਼ੁੱਭ ਮੰਨੀ ਜਾਂਦੀ ਹੈ ਅਤੇ ਸਾਰੇ ਵਰਗਾਂ ਦੇ ਲੋਕ ਆਪਣੀ ਸਥਿਤੀ ਅਨੁਸਾਰ ਇਨ੍ਹਾਂ ਵਸਤਾਂ ਦੀ ਖਰੀਦ ਧਨਤੇਰਸ ’ਤੇ ਜ਼ਰੂਰ ਕਰਦੇ ਹਨ ਪਰ ਅੱਜ ਧਨਤੇਰਸ ਦੇ ਦਿਨ ਪੂਰੇ ਦੇਸ਼ ’ਚ ਇਨ੍ਹਾਂ ਵਸਤਾਂ ਦਾ ਵੀ ਕੋਈ ਖਾਸ ਕਾਰੋਬਾਰ ਨਾ ਹੋਣ ਨਾਲ ਦੀਵਾਲੀ ਦਾ ਉਤਸ਼ਾਹ ਵਪਾਰੀਆਂ ’ਚ ਹੁਣ ਲਗਭਗ ਖਤਮ ਹੀ ਹੋ ਗਿਆ ਹੈ। ਸਹੀ ਅਰਥਾਂ ’ਚ ਇਸ ਵਾਰ ਜਿਸ ਤਰ੍ਹਾਂ ਨਾਲ ਨੀਤੀ-ਵਿਰੁੱਧ ਵਪਾਰ ਦਾ ਸਹਾਰਾ ਲੈ ਕੇ ਆਨਲਾਈਨ ਕੰਪਨੀਆਂ ਨੇ ਦੇਸ਼ ਦੇ ਵਪਾਰੀਆਂ ਦਾ ਲੱਕ ਤੋੜਿਆ ਹੈ ਅਤੇ ਬਾਜ਼ਾਰ ’ਚ ਨਕਦ ਦੀ ਤਰਲਤਾ ਬੇਹੱਦ ਘੱਟ ਹੈ, ਇਸ ਕਾਰਣ ਇਸ ਸਾਲ ਵਪਾਰੀਆਂ ਲਈ ਦੀਵਾਲੀ ਦੇ ਤਿਉਹਾਰ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਹੈ। ਭਰਤਿਯਾ ਅਤੇ ਖੰਡੇਲਵਾਲ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਨੇ ਦੇਸ਼ ਦੇ ਪ੍ਰਚੂਨ ਵਪਾਰ ਵੱਲ ਧਿਆਨ ਨਾ ਦਿੱਤਾ ਅਤੇ ਜ਼ਰੂਰੀ ਕਦਮ ਨਾ ਚੁੱਕੇ ਤਾਂ ਦੇਸ਼ ਦਾ ਪ੍ਰਚੂਨ ਵਪਾਰ ਬੁਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ ’ਤੇ ਪਵੇਗਾ।