ਕੇਂਦਰ ਸਰਕਾਰ ਦੀਆਂ ਕੁਨੀਤੀਆਂ ਕਾਰਨ ਕਰੋੜਾਂ ਲੋਕਾਂ ਦੀ ਆਰਥਿਕ ਹਾਲਤ ਹੋਈ ਕਮਜ਼ੋਰ : ਪ੍ਰਿਅੰਕਾ
Thursday, Jan 02, 2025 - 11:18 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਡੇਰਾ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸ ਦੇ ਹੋਏ ਕਿਹਾ ਹੈ ਕਿ ਉਸ ਦੀਆਂ ਕੁਨੀਤੀਆਂ ਕਾਰਨ ਕਰੋੜਾਂ ਦੇਸ਼ ਵਾਸੀਆਂ ਦੀ ਆਰਥਿਕ ਹਾਲਤ ਕਮਜ਼ੋਰ ਹੋਈ ਹੈ। ਉਨ੍ਹਾਂ ਕਿਹਾ, 'ਰਿਜ਼ਰਵ ਬੈਂਕ ਮੁਤਾਬਕ ਭਾਰਤੀ ਪਰਿਵਾਰਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਕਰਜ਼ਾ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਘਟਦੀ ਆਮਦਨ ਦੇ ਕਾਰਨ ਕਰਜ਼ਾ ਮੋੜਨਾ ਔਖਾ ਹੋ ਰਿਹਾ ਹੈ। ਇਸ ਦਾ ਨਤੀਜਾ ਇਹ ਹੈ ਕਿ ਚਾਲੂ ਮਾਲੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿਚ ਗੋਲਡ ਲੋਨ ਵਿਚ 56 ਫੀਸਦੀ ਵਾਧਾ ਹੋਇਆ ਹੈ ਪਰ ਗੋਲਡ ਲੋਨ ਡਿਫਾਲਟ 30 ਫੀਸਦੀ ਵਧ ਗਿਆ ਹੈ।’
ਉਨ੍ਹਾਂ ਕਿਹਾ, ‘ਪਿਛਲੀਆਂ ਅੱਠ ਤਿਮਾਹੀਆਂ ਤੋਂ ਨਿੱਜੀ ਖਪਤ ਲਗਾਤਾਰ ਘਟ ਰਹੀ ਹੈ ਅਤੇ ਘਰੇਲੂ ਬਚਤ 50 ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਉਨ੍ਹਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘ਮੁਲਕ ਥੋੜ੍ਹੇ ਆਦਮੀਆਂ ਦੇ ਉੱਚੀ ਕੁਰਸੀ ’ਤੇ ਬੈਠਣ ਨਾਲ ਨਹੀਂ ਉੱਠਦੇ, ਮੁਲਕ ਉੱਠਦੇ ਹਨ ਜਦੋਂ ਕਰੋੜਾਂ ਲੋਕ ਖੁਸ਼ਹਾਲ ਹੁੰਦੇ ਹਨ ਅਤੇ ਤਰੱਕੀ ਕਰਦੇ ਹਨ।’