ਅਖਿਲੇਸ਼ ਨੇ ਸਰਕਾਰ ''ਤੇ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਅੰਤਰਰਾਸ਼ਟਰੀ ਹਾਲਾਤ ''ਤੇ ਕੇਂਦਰ ਦੀ ਚੁੱਪ ਚਿੰਤਾਜਨਕ

Thursday, Mar 05, 2026 - 06:44 PM (IST)

ਅਖਿਲੇਸ਼ ਨੇ ਸਰਕਾਰ ''ਤੇ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਅੰਤਰਰਾਸ਼ਟਰੀ ਹਾਲਾਤ ''ਤੇ ਕੇਂਦਰ ਦੀ ਚੁੱਪ ਚਿੰਤਾਜਨਕ

ਲਖਨਊ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅਮਰੀਕੀ-ਇਜ਼ਰਾਈਲੀ ਹਮਲਿਆਂ ਅਤੇ ਉਸ ਤੋਂ ਪੈਦਾ ਹੋਏ ਅੰਤਰਰਾਸ਼ਟਰੀ ਹਾਲਾਤ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਪ੍ਰਭਾਵ ਹਿੰਦ ਮਹਾਸਾਗਰ ਅਤੇ ਭਾਰਤ ਦੀਆਂ ਸਰਹੱਦਾਂ ਦੇ ਨੇੜੇ ਤੱਕ ਪਹੁੰਚਣਾ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ, ਪਰ ਇਸ ਗੰਭੀਰ ਮੁੱਦੇ 'ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਬੇਮਿਸਾਲ ਚੁੱਪ ਧਾਰੀ ਹੋਈ ਹੈ।

ਵਿਸ਼ਵਵਿਆਪੀ ਮੁੱਦੇ 'ਤੇ ਮਜਬੂਰ ਹੋ ਕੇ ਬੋਲ ਰਹੀ ਹੈ ਵਿਰੋਧੀ ਧਿਰ

ਯਾਦਵ ਨੇ ਵੀਰਵਾਰ ਨੂੰ 'ਐਕਸ' (X) 'ਤੇ ਲਿਖਿਆ, 'ਸਪੱਸ਼ਟ ਕੀਤਾ ਜਾਵੇ ਕਿ ਇਸ ਨੂੰ ‘ਚੁੱਪ’ ਮੰਨਿਆ ਜਾਵੇ ਜਾਂ ਕਿਸੇ ਖਾਸ ਡਰ ਕਾਰਨ ਇਸ ਨੂੰ ‘ਘਿੱਘੀ ਬੱਝਣਾ’ ਮੰਨਿਆ ਜਾਵੇ। ਭਾਜਪਾ ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਨ੍ਹਾਂ ਦੇ ਬੁੱਲ੍ਹ ਕਿਸੇ ਨੇ ਸਿਊਂ ਦਿੱਤੇ ਹਨ। ਜਨਤਾ ਪੁੱਛ ਰਹੀ ਹੈ ਕਿ ਤੁਹਾਡਾ ਕਿਹੜਾ ਪੱਤਾ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੁੱਦਾ ਹੋਣ ਦੇ ਨਾਤੇ ਦੇਸ਼ ਦੀ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੀ ਇਹ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਪੱਖ ਸਪੱਸ਼ਟ ਕਰਨ, ਪਰ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਵੀ ਸਰਕਾਰ ਵੱਲੋਂ ਮੂੰਹ ਨਾ ਖੋਲ੍ਹਣ 'ਤੇ, ਵਿਰੋਧੀ ਧਿਰ ਨੂੰ ਇਸ ਵਿਸ਼ਵਵਿਆਪੀ ਮੁੱਦੇ 'ਤੇ ਬੋਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਦੇਸ਼ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ

ਸਪਾ ਪ੍ਰਧਾਨ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਰਕਾਰ ਅੱਗੇ ਆਵੇ ਅਤੇ ਦੇਸ਼ ਦੀਆਂ ਜਲ, ਥਲ ਅਤੇ ਹਵਾਈ ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਏ। ਜੋ ਭਾਜਪਾ ਸਰਕਾਰ ਕੁਝ ਕਹਿ ਵੀ ਨਹੀਂ ਰਹੀ; ਉਹ ਕਰੇਗੀ ਕੀ, ਇਹ ਸੋਚ ਕੇ ਦੇਸ਼ ਵਾਸੀ ਪਰੇਸ਼ਾਨ ਹਨ। ਭਾਜਪਾ ਨੇ ਜਨਤਾ ਦਾ ਵਿਸ਼ਵਾਸ ਗੁਆ ਦਿੱਤਾ ਹੈ। ਅਜਿਹਾ ਲੱਗ ਰਿਹਾ ਹੈ ਕਿ ਦੇਸ਼ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।

ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਦਾ ਤਰੀਕਾ ਲੱਭ ਰਹੀ ਭਾਜਪਾ

ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਸਪੱਸ਼ਟ ਨੀਤੀ ਅਪਣਾਉਣ ਦਾ ਤਰੀਕਾ ਲੱਭ ਰਹੀ ਹੈ, ਤਾਂ ਜੋ ਲੋਕ ਅਟਕਲਾਂ ਵਿੱਚ ਹੀ ਉਲਝੇ ਰਹਿਣ। ਭਾਜਪਾ ਵਾਲੇ ਆਉਣ ਵਾਲੇ ਸੰਸਦ ਸੈਸ਼ਨ ਵਿੱਚ ਵੀ ਅਜਿਹਾ ਕੋਈ ਵਿਵਾਦਿਤ ਵਿਸ਼ਾ ਜ਼ਰੂਰ ਉਠਾਉਣਗੇ, ਜਿਸ ਨਾਲ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ 'ਤੇ ਗੱਲ ਹੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਇਹ ਸਮਾਂ ‘ਸਰਕਾਰ-ਸੁੰਨਤਾ’ ਦਾ ਦੌਰ ਹੈ।


author

Rakesh

Content Editor

Related News