‘ਨਮਾਂਸ਼ ਸਿਆਲ’ ਨੂੰ ਰੂਸੀ ਫੌਜ ਦਾ ਆਖਰੀ ਸਲਾਮ
Monday, Nov 24, 2025 - 11:56 AM (IST)
ਦੁਬਈ- ਦੁਬਈ ਏਅਰ ਸ਼ੋਅ ਦੇ ਆਖਰੀ ਦਿਨ ਰੂਸੀ ਹਵਾਈ ਫੌਜ ਨੇ ਤੇਜਸ ਜਹਾਜ਼ ਹਾਦਸੇ ’ਚ ਮਾਰੇ ਗਏ ਵਿੰਗ ਕਮਾਂਡਰ ਨਮਾਂਸ਼ ਸਿਆਲ ਨੂੰ ਸ਼ਰਧਾਂਜਲੀ ਦਿੱਤੀ। ਰੂਸੀ ਜਹਾਜ਼ਾਂ ਨੇ ਆਸਮਾਨ ’ਚ ਮਿਸਿੰਗ ਮੈਨ ਫਾਰਮੇਸ਼ਨ ਬਣਾਇਆ। ਰੂਸੀ ਟੀਮ ਨੇ ਦੱਸਿਆ ਕਿ ਉਨ੍ਹਾਂ ਨੇ ਏਅਰ ਸ਼ੋਅ ’ਚ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਇਸ ਲਈ ਲਿਆ ਤਾਂ ਕਿ ਉਨ੍ਹਾਂ ਭਰਾਵਾਂ ਦੀ ਯਾਦ ’ਚ ਉਡਾਣ ਭਰੀ ਜਾ ਸਕੇ ਜੋ ਆਖਰੀ ਉਡਾਣ ਤੋਂ ਵਾਪਸ ਨਹੀਂ ਆਏ। ਟੀਮ ਨੇ ਕਿਹਾ ਕਿ ਤੇਜਸ ਹਾਦਸੇ ਤੋਂ ਤੁਰੰਤ ਬਾਅਦ ਦੇ ਪਲਾਂ ਨੂੰ ਬਿਆਨ ਕਰਨਾ ਔਖਾ ਸੀ। 21 ਨਵੰਬਰ ਨੂੰ ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਤੇਜਸ ਜੈੱਟ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ’ਚ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮੌਤ ਹੋ ਗਈ ਸੀ।
ਕੀ ਹੈ ਮਿਸਿੰਗ ਮੈਨ ਫਾਰਮੇਸ਼ਨ
ਮਿਸਿੰਗ ਮੈਨ ਫਾਰਮੇਸ਼ਨ ਇਕ ਖਾਸ ਏਰੀਅਲ ਟ੍ਰਿਬਿਊਟ ਹੈ, ਜੋ ਫੌਜ ਅਤੇ ਏਅਰ ਫੋਰਸ ’ਚ ਕਿਸੇ ਪਾਇਲਟ ਜਾਂ ਫੌਜੀ ਦੇ ਸਨਮਾਨ ’ਚ ਬਣਾਈ ਜਾਂਦੀ ਹੈ। ਇਸ ’ਚ ਫਾਈਟਰ ਜੈੱਟਸ ਇਕ ਸਥਿਰ ਫਾਰਮੇਸ਼ਨ ’ਚ ਉੱਡਦੇ ਹਨ ਪਰ ਫਾਰਮੇਸ਼ਨ ’ਚ ਸ਼ਾਮਲ ਇਕ ਜਹਾਜ਼ ਅਚਾਨਕ ਉੱਪਰ ਵੱਲ ਉੱਠ ਕੇ ਵੱਖ ਹੋ ਜਾਂਦਾ ਹੈ। ਇਹ ਉਸ ਗੈਰ-ਹਾਜ਼ਰ ਸਾਥੀ ਦਾ ਪ੍ਰਤੀਕ ਹੁੰਦਾ ਹੈ ਜੋ ਹੁਣ ਕਦੇ ਵਾਪਸ ਨਹੀਂ ਆਵੇਗਾ। ਇਸ ਨੂੰ ਦੁਨੀਆ ਭਰ ਦੇ ਬਹਾਦਰ ਪਾਇਲਟਾਂ ਅਤੇ ਫੌਜੀਆਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਤਰੀਕਾ ਮੰਨਿਆ ਜਾਂਦਾ ਹੈ।
