DSP ਕਤਲ ਦੇ ਮਾਮਲੇ ’ਚ ਹਰਿਆਣਾ ਸਰਕਾਰ ਨੇ ਦਿੱਤੇ ਨਿਆਂਇਕ ਜਾਂਚ ਦੇ ਹੁਕਮ

07/21/2022 12:26:19 PM

ਚੰਡੀਗੜ੍ਹ– ਹਰਿਆਣਾ ਸਰਕਾਰ ਨੇ ਸੂਬੇ ਦੇ ਮੇਵਾਤ ਖੇਤਰ ’ਚ ਮੰਗਲਵਾਰ ਨੂੰ ਭੂ-ਮਾਫੀਆ ਦੁਆਰਾ ਡੀ.ਐੱਸ.ਪੀ. ਨੂੰ ਟਿੱਪਰ ਥੱਲੇ ਦੇ ਕੇ ਕਤਲ ਕਰਨ ਦੇ ਮਾਮਲੇ ਦੀ ਨਿਆਂਇਕ ਜਾਂਚ ਦਾ ਫੈਸਲਾ ਕੀਤਾ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਲਾਕੇ ’ਚ ਨਾਜਾਇਜ਼ ਮਾਈਨਿੰਗ ਨਾਲ ਜੁੜੇ ਸਾਰੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾਵੇਗੀ। ਵਿਜਨ ਨੇ ਇਕ ਟਵੀਟ ’ਚ ਕਿਹਾ, ‘ਹਰਿਆਣਾ ਸਰਕਾਰ ਨੇ ਮੇਵਾਤ ਖੇਤਰ ’ਚ ਭੂ-ਮਾਫੀਆ ਦੁਆਰਾ ਮੰਗਲਵਾਰ ਟਿੱਪਰ ਥੱਲੇ ਦੇ ਕੇ ਡੀ.ਐੱਸ.ਪੀ. ਦਾ ਕਤਲ ਕੀਤੇ ਜਾਣ ਦੇ ਮਾਮਲੇ ਅਤੇ ਖੇਤਰ ’ਚ ਨਾਜਾਇਜ਼ ਮਾਈਨਿੰਗ ਦੇ ਹਲਾਤਾਂ ਦੀ ਨਿਆਂਇਕ ਜਾਂਚ ਕਰਾਉਣ ਦਾ ਫੈਸਲਾ ਲਿਆ ਹੈ।’ 

ਗੈਰ-ਕਾਨੂੰਨੀ ਢੰਗ ਨਾਲ ਪੱਥਰਾਂ ਦੀ ਖੋਦਾਈ ਦੀ ਜਾਂਚ ਕਰ ਰਹੇ ਤਾਵਡੂ ਦੇ ਡੀ.ਐੱਸ.ਪੀ. ਸੁਰਿੰਦਰ ਸਿੰਘ ਦਾ ਮੰਗਲਵਾਰ ਨੂੰ ਨੂਹ ਜ਼ਿਲ੍ਹੇ ’ਚ ਇਕ ਟਿੱਪਰ ਥੱਲੇ ਦੇ ਕੇ ਕਤਲ ਕਰ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ। ਨੂਹ ਪੁਲਸ ਨੇ ਕਥਿਤ ਤੌਰ ’ਤੇ ਕਤਲ ’ਚ ਸ਼ਾਮਲ ਟਿੱਪਰ ਚਾਲਕ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਮੁੱਖ ਦੋਸ਼ੀ ਸ਼ਬੀਰ ਊਰਫ ਮੱਤਰ ਨੂੰ ਰਾਜਸਥਾਨ ਦੇ ਭਰਤਪੁਰ ਦੇ ਪਹਾੜੀ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੂੰ ਮਾਮਲੇ ਦੇ ਇਕ ਹੋਰ ਦੋਸ਼ੀ ਇੱਕਰ ਤੋਂ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਿਲ ਵਿਜ ਨੇ ਕਿਹਾ ਸੀ ਕਿ ਸੂਬੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਨਾਜਾਇਜ਼ ਮਾਈਨਿੰਗ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕੀਤੀ ਹੈ।


Rakesh

Content Editor

Related News