DSGMC ਚੋਣਾਂ: ਵੱਡੀ ਗਿਣਤੀ ’ਚ ਵੋਟ ਪਾਉਣ ਪੁੱਜ ਰਹੇ ਲੋਕ, ਬੀਬੀਆਂ ’ਚ ਵੀ ਦਿੱਸਿਆ ਉਤਸ਼ਾਹ
Sunday, Aug 22, 2021 - 10:45 AM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਅੱਜ ਯਾਨੀ ਕਿ ਐਤਵਾਰ ਨੂੰ ਹੋ ਰਹੀਆਂ ਹਨ। ਸਵੇਰੇ 8 ਵਜੇ ਤੋਂ ਸਿੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਡੀ ਗਿਣਤੀ ਵਿਚ ਲੋਕ ਵੋਟਾਂ ਪਾਉਣ ਜਾ ਰਹੇ ਹਨ। ਵੋਟਾਂ ਨੂੰ ਲੈ ਕੇ ਬੀਬੀਆਂ ਵਿਚ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਚੋਣਾਂ ਵਿਚ ਸਾਰੇ 576 ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਸਾਰੇ ਬੂਥਾਂ ’ਤੇ ਉੱਚਿਤ ਪੈਰਾ-ਮਿਲਟਰੀ ਅਤੇ ਪੁਲਸ ਦੇ ਜਵਾਨ ਤਾਇਨਾਤ ਹਨ। ਪੁਲਸ ਦੇ ਆਲਾ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿਚ ਬੂਥਾਂ ’ਤੇ ਨਜ਼ਰ ਰੱਖ ਰਹੇ ਹਨ। ਸਾਰੇ ਬੂਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।
ਕੀ ਬੋਲੇ ਵੋਟਰ—
ਜਤਿੰਦਰ ਸਿੰਘ ਗੁਜਰਾਲ ਨਾਂ ਦੇ ਵੋਟਰ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਜਿਨ੍ਹਾਂ ਨੇ ਪੂਰੇ ਭਾਰਤ ਵਿਚ ਸੰਗਤ ਦੀ ਸੇਵਾ ਕਰਨ ਦੇ ਨਾਲ-ਨਾਲ ਹੋਰ ਲੋਕਾਂ ਦੀ ਸੇਵਾ ਕੀਤੀ ਹੈ। ਨਾਲ ਹੀ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਾਉਣ ਨਾਲ ਲੋਕਾਂ ਦੀ ਮਦਦ ਲਈ ਜੋ ਅੱਗੇ ਆਏ ਹਨ, ਉਨ੍ਹਾਂ ਨੂੰ ਧਿਆਨ ’ਚ ਰੱਖਦੇ ਹੋਏ ਮੈਂ ਵੋਟ ਪਾਵਾਂਗਾ। ਇਕ ਹੋਰ ਵੋਟਰ ਨੇ ਕਿਹਾ ਕਿ ਸਿੱਖ ਸਮਾਜ ਲਈ ਜੋ ਬਿਹਤਰ ਕੰਮ ਕਰੇਗਾ, ਉਸ ਨੂੰ ਹੀ ਮੇਰੀ ਵੋਟ ਜਾਵੇਗੀ। ਇਕ ਹੋਰ ਵੋਟਰ ਨੇ ਕਿਹਾ ਕਿ ਇਸ ਵਾਰ ਕਈ ਦਲ ਚੋਣ ਮੈਦਾਨ ਵਿਚ ਹਨ। ਇਨ੍ਹਾਂ ਦਲਾਂ ਦੇ ਉਮੀਦਵਾਰਾਂ ਦਾ ਮੁਲਾਂਕਣ ਕਰ ਕੇ ਵੋਟ ਪਾਵਾਂਗਾ।
ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ—
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਾਰ ਕੁੱਲ 3.42 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਕੁੱਲ ਵੋਟਰਾਂ ਵਿਚ 1.71 ਲੱਖ ਪੁਰਸ਼ ਵੋਟਰ ਅਤੇ ਕਰੀਬ 1.71 ਲੱਖ ਮਹਿਲਾ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।