ਨਸ਼ੀਲਾ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਅਫ਼ਰੀਕੀ ਮੂਲ ਦੇ 9 ਨਾਗਰਿਕ ਗ੍ਰਿਫ਼ਤਾਰ
Wednesday, May 17, 2023 - 04:17 PM (IST)
ਨੋਇਡਾ (ਭਾਸ਼ਾ)- ਗੌਤਮਬੁੱਧ ਨਗਰ ਜ਼ਿਲ੍ਹੇ 'ਚ ਪੁਲਸ ਅਤੇ ਸਵਾਟ (ਵਿਸ਼ੇਸ਼ ਹਥਿਆਰ ਅਤੇ ਰਣਨੀਤੀ) ਟੀਮ ਨੇ ਬੁੱਧਵਾਰ ਨੂੰ ਨਸ਼ੀਲਾ ਪਦਾਰਥ (ਐੱਮ.ਡੀ.ਐੱਮ.ਏ./ਨਾਰਕੋਟਿਕਸ/ਮੇਥ) ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਅਫਰੀਕੀ ਮੂਲ ਦੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਨ੍ਹਾਂ ਕੋਲੋਂ ਕਰੀਬ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 100 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਬਣਾਉਣ ਵਾਲੀ ਸਮੱਗਰੀ ਅਤੇ ਉਪਕਰਣ ਬਰਾਮਦ ਕੀਤੇ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਇਕ ਸੂਚਨਾ ਦੇ ਆਧਾਰ 'ਤੇ ਸਵਾਟ ਟੀਮ ਅਤੇ ਬੀਟਾ-2 ਦੀ ਪੁਲਸ ਨੇ ਅਫਰੀਕੀ ਮੂਲ ਦੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਗ੍ਰੇਟਰ ਨੋਇਡਾ 'ਚ ਇਕ ਫੈਕਟਰੀ 'ਚ ਗੈਰ-ਕਾਨੂੰਨੀ ਨਾਰਕੋਟਿਕਸ/ਐੱਮ.ਡੀ.ਐੱਮ.ਏ./ਮੇਥ ਅਤੇ ਭਾਰੀ ਮਾਤਰਾ 'ਚ ਵੱਖ-ਵੱਖ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਣਾਉਂਦੇ ਸਨ। ਇਨ੍ਹਾਂ ਕੋਲੋਂ ਕਰੀਬ 200 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਅਤੇ ਇਸ ਨੂੰ ਬਣਾਉਣ 'ਚ ਪ੍ਰਯੋਗ ਹੋਣ ਵਾਲਾ ਰਸਾਇਣ, ਕੱਚਾ ਮਾਲ ਉਪਕਰਣ ਆਦਿ ਬਰਾਮਦ ਹੋਇਆ ਹੈ, ਜਿਸ ਤੋਂ ਕਰੀਬ 100 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਣਾਇਆ ਜਾ ਸਕਦਾ ਹੈ। ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।