ਸਰਹੱਦ ਪਾਰ ਤੋਂ ਆਏ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟਿਆ, ਸਾਢੇ 32 ਕਰੋੜ ਦੀ ਹੈਰੋਇਨ ਬਰਾਮਦ

Sunday, Feb 05, 2023 - 10:43 AM (IST)

ਸਰਹੱਦ ਪਾਰ ਤੋਂ ਆਏ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟਿਆ, ਸਾਢੇ 32 ਕਰੋੜ ਦੀ ਹੈਰੋਇਨ ਬਰਾਮਦ

ਸ਼੍ਰੀਗੰਗਾਨਗਰ (ਅਸੀਜਾ)- ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੇ ਦੇਰ ਰਾਤ ਕੇਸਰੀਸਿੰਘਪੁਰ ਥਾਣੇ ਅਧੀਨ ਆਉਂਦੇ ਪਿੰਡ ਮਲਕਾਨਾ ਖੁਰਦ ਦੇ ਕੋਲ ਸਰਹੱਦ ਪਾਰੋਂ ਆਏ ਡਰੋਨ ’ਤੇ ਫਾਇਰਿੰਗ ਕੀਤੀ। ਬੀ. ਐੱਸ. ਐੱਫ., ਪੁਲਸ ਅਤੇ ਸੀ. ਆਈ. ਡੀ. (ਬੀ. ਆਈ.) ਦੀ ਟੀਮ ਨੇ ਇਸ ਪੂਰੇ ਇਲਾਕੇ ’ਚ ਸਰਚ ਆਪ੍ਰੇਸ਼ਨ ਚਲਾਇਆ। ਮਲਕਾਨਾ ਖੁਰਦ ਪਿੰਡ ਦੇ ਕੋਲ ਗੰਗਾ ਕੈਨਾਲ ਦੀ ਐੱਚ- ਨਹਿਰ ਨਾਲ ਲੱਗਦੇ ਖੇਤਾਂ ’ਚ ਗੋਲੀਆਂ ਲੱਗਣ ਨਾਲ ਨੁਕਸਾਨਿਆ ਡਰੋਨ ਮਿਲਿਆ, ਨਾਲ ਹੀ ਦੋ ਬੈਗ ਮਿਲੇ, ਜਿਨ੍ਹਾਂ ’ਚ ਤਿੰਨ-ਤਿੰਨ ਪੈਕੇਟ ਸਨ। ਪੈਕੇਟਾਂ ’ਚ 6 ਕਿੱਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ।

ਸ਼ੱਕ ਦੇ ਆਧਾਰ ’ਤੇ ਵਿਜੇ ਨਾਮਕ ਇਕ ਸ਼ੱਕੀ ਨੌਜਾਵਾਨ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਪੰਜਾਬ ਦੇ ਨੇੜਲੇ ਫਾਜ਼ਿਲਕਾ ਜ਼ਿਲ੍ਹੇ ਦਾ ਨਿਵਾਸੀ ਹੈ। ਸ਼ੱਕ ਹੈ ਕਿ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਡਰੋਨ ਜ਼ਰੀਏ ਸੁੱਟੇ ਗਏ ਹੈਰੋਇਨ ਦੇ ਪੈਕੇਟ ਇਹ ਸ਼ੱਕੀ ਚੁੱਕਣ ਆਇਆ ਸੀ। ਇਸ ਸ਼ੱਕੀ ਦੇ ਬਾਕੀ ਤਿੰਨ-ਚਾਰ ਸਮੱਗਲਰ ਸਾਥੀ ਇਕ ਕਾਰ ’ਚ ਸਵਾਰ ਸਨ, ਜੋ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਦੌੜ ਗਏ। ਜਾਣਕਾਰੀ ਅਨੁਸਾਰ ਸੀ. ਆਈ. ਡੀ. (ਬੀ. ਆਈ.) ਦੀ ਐਡੀਸ਼ਨਲ ਪੁਲਸ ਸੁਪਰਡੈਂਟ ਦੀਕਸ਼ਾ ਕਾਮਰਾ ਨੂੰ ਕੱਲ ਦੁਪਹਿਰ ਬਾਅਦ ਮੁਖ਼ਬਰ ਵੱਲੋਂ ਇਸ ਸੰਬੰਧ ’ਚ ਸੂਚਨਾ ਮਿਲੀ ਸੀ।

ਖੁਫੀਆ ਸੂਤਰਾਂ ਮੁਤਾਬਕ ਰਾਤ ਲਗਭਗ 12 ਵਜੇ ਮਲਕਾਨਾ ਖੁਰਦ ਪਿੰਡ ਦੇ ਨਾਲ ਲੱਗਦੇ ਸਰਹੱਦੀ ਇਲਾਕੇ ’ਚ ਡਰੋਨ ਦੀ ਗਤੀਵਿਧੀ ਵੇਖੀ ਗਈ। ਡਰੋਨ ਭਾਰਤੀ ਖੇਤਰ ’ਚ ਆ ਕੇ ਵਾਪਸ ਪਾਕਿਸਤਾਨੀ ਇਲਾਕੇ ’ਚ ਚਲਾ ਗਿਆ। ਕੁਝ ਦੇਰ ਬਾਅਦ ਮੁੜ ਡਰੋਨ ਭਾਰਤੀ ਖੇਤਰ ’ਚ ਆਇਆ ਤਾਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ 90 ਤੋਂ 100 ਰਾਊਂਡ ਗੋਲੀਆਂ ਹਵਾ ’ਚ ਦਾਗੀਆਂ ਗਈਆਂ। ਬਰਾਮਦ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ 32 ਕਰੋੜ 50 ਲੱਖ ਦੱਸੀ ਗਈ ਹੈ। 


author

Tanu

Content Editor

Related News