ਦਿੱਲੀ ''ਚ ਆਪਣੇ ਮਾਲਕ ਦੀ ਕਾਰ ''ਚੋਂ 80 ਲੱਖ ਰੁਪਏ ਨਕਦ ਚੋਰੀ ਕਰਨ ਵਾਲਾ ਚਾਲਕ ਪੰਜਾਬ ਤੋਂ ਗ੍ਰਿਫ਼ਤਾਰ

Sunday, Jul 18, 2021 - 05:55 PM (IST)

ਦਿੱਲੀ ''ਚ ਆਪਣੇ ਮਾਲਕ ਦੀ ਕਾਰ ''ਚੋਂ 80 ਲੱਖ ਰੁਪਏ ਨਕਦ ਚੋਰੀ ਕਰਨ ਵਾਲਾ ਚਾਲਕ ਪੰਜਾਬ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ- ਦੱਖਣੀ ਦਿੱਲੀ 'ਚ ਆਪਣੇ ਮਾਲਕ ਦੀ ਕਾਰ 'ਚੋਂ 80 ਲੱਖ ਰੁਪਏ ਨਕਦ ਚੋਰੀ ਕਰਨ ਵਾਲੇ 40 ਸਾਲਾ ਚਾਲਕ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਚਾਲਕ ਦੀ ਪਛਾਣ ਕਿੰਦਰ ਪਾਲ ਸਿੰਘ ਦੇ ਰੂਪ 'ਚ ਕੀਤੀ ਗਈ ਹੈ ਅਤੇ ਉਹ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ। ਕਿੰਦਰ ਆਪਣੇ ਮਾਲਕ ਅਜੇ ਗੁਪਤਾ ਕੋਲ ਪਿਛਲੇ ਕਰੀਬ 10-12 ਸਾਲਾਂ ਤੋਂ ਕਾਰ ਚਾਲਕ ਦਾ ਕੰਮ ਕਰ ਰਿਹਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ 'ਚ ਸ਼ਿਕਾਇਤਕਰਤਾ ਅਜੇ ਗੁਪਤਾ ਸ਼ੁੱਕਰਵਾਰ ਨੂੰ ਆਪਣੇ ਚਾਲਕ ਕਿੰਦਰ ਨਾਲ ਨਵੀਂ ਦਿੱਲੀ ਦੇ ਸੈਨਿਕ ਫ਼ਾਰਮ ਨੇੜੇ ਦੇ ਨਜ਼ਦੀਕੀ ਇਲਾਕੇ 'ਚ ਇਕ ਮਕਾਨ ਖਰੀਦਣ ਦੇ ਸਿਲਸਿਲੇ 'ਚ ਆਇਆ ਸੀ। ਉਨ੍ਹਾਂ ਦੱਸਿਆ,''ਇਕ ਪ੍ਰਾਪਰਟੀ ਸਲਾਹਕਾਰ ਦੇ ਦਫ਼ਤਰ ਦੇ ਸਾਹਮਣੇ ਆਪਣੀ ਕਾਰ ਖੜ੍ਹੀ ਕਰਨ ਤੋਂ ਬਾਅਦ ਅਜੇ ਕੁਝ ਹੋਰ ਮਕਾਨ ਦੇਖਣ ਚੱਲਾ ਗਿਆ।

ਅਜੇ ਨੇ ਆਪਣੇ ਚਾਲਕ ਕਿੰਦਰ ਨੂੰ ਕਾਰ 'ਚ ਪਈ ਨਕਦੀ ਬਾਰੇ ਦੱਸਦੇ ਹੋਏ ਉਸ ਨੂੰ ਉੱਥੇ ਰਹਿਣ ਲਈ ਕਿਹਾ। ਅਜੇ ਜਦੋਂ ਵਾਪਸ ਆਇਆ ਤਾਂ ਉਸ ਨੂੰ ਆਪਣੀ ਕਾਰ 'ਚ ਨਕਦੀ ਨਹੀਂ ਮਿਲੀ ਅਤੇ ਉਸ ਦਾ ਚਾਲਕ ਕਿੰਦਰ ਵੀ ਮੌਜੂਦ ਨਹੀਂ ਸੀ।'' ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਇਸ ਅਪਰਾਧ 'ਚ ਕਿੰਦਰ ਵੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲੁਧਿਆਣਾ 'ਚ ਕਿੰਦਰ ਦੇ ਘਰ ਛਾਪੇਮਾਰੀ ਕੀਤੀ। ਉੱਥੇ ਕਈ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਪੰਜਾਬ 'ਚ ਰਜਿਸਟਰਡ ਇਕ ਸਫੇਦ ਰੰਗ ਦੀ ਇਨੋਵਾ ਕਾਰ ਦੀ ਵਰਤੋਂ ਕਰ ਰਿਹਾ ਹੈ। ਦੱਖਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਕਿਹਾ,''ਦੋਸ਼ੀ ਕਿੰਦਰ ਨੂੰ ਬਾਅਦ 'ਚ ਉਸ ਦੀ ਭੈਣ ਦੇ ਲੁਧਿਆਣਾ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਅਪਰਾਧ 'ਚ ਇਸਤੇਮਾਲ ਕੀਤੀ ਗਈ ਕਾਰ ਸਮੇਤ ਪੂਰੀ ਨਕਦੀ ਬਰਾਮਦ ਕਰ ਲਈ ਗਈ।'' ਪੁਲਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।


author

DIsha

Content Editor

Related News