ਜ਼ਿਆਦਾ ਪਾਣੀ ਪੀਣ ਨਾਲ ਹੋ ਸਕਦੈ ਮੋਟਾਪਾ, ਕਿਡਨੀ ਅਤੇ ਦਿਮਾਗ ਨੂੰ ਵੀ ਹੁੰਦੈ ਨੁਕਸਾਨ

04/02/2019 9:12:21 AM

ਨਵੀਂ ਦਿੱਲੀ, (ਏਜੰਸੀਆਂ)– ਪਾਣੀ ਸਿਹਤ ਲਈ ਜ਼ਰੂਰੀ ਹੈ ਪਰ ਲੋੜ ਤੋਂ ਵੱਧ ਪਾਣੀ ਮੋਟਾਪਾ ਦੇ ਸਕਦਾ ਹੈ। ਆਮ ਤੌਰ ’ਤੇ ਲੋਕ ਇਹ ਮੰਨਦੇ ਹਨ ਕਿ ਪਾਣੀ ਪੀਣ ਨਾਲ ਭਾਰ ਘਟਦਾ ਹੈ ਅਤੇ ਫੈਟ ਬਰਨ ਹੁੰਦੀ ਹੈ। ਇਹ ਗੱਲਾਂ ਸਹੀ ਹਨ। ਆਮ ਤੌਰ ’ਤੇ ਡਾਕਟਰ ਮੰਨਦੇ ਹਨ ਕਿ ਇਕ ਤੰਦਰੁਸਤ ਵਿਅਕਤੀ ਨੂੰ ਇਕ ਦਿਨ ’ਚ 2-4 ਲਿਟਰ ਪਾਣੀ ਪੀਣਾ ਚਾਹੀਦਾ ਹੈ। ਵਿਸ਼ੇਸ਼ ਹਾਲਾਤ ਜਿਵੇਂ ਜਿਮ, ਕਸਰਤ, ਭਾਰੀ ਮਿਹਨਤ ਜਾਂ ਗਰਮੀ ਕਾਰਨ ਇਸ ਦੀ ਮਾਤਰਾ ਵਧਾ ਸਕਦੇ ਹੋ ਪਰ ਤੁਸੀਂ ਆਮ ਤੌਰ ’ਤੇ ਰੋਜ਼ਾਨਾ 5-6 ਲਿਟਰ ਤੋਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ’ਤੇ ਉਲਟ ਅਸਰ ਪਾ ਸਕਦਾ ਹੈ।
ਪਾਣੀ ਪੀਣ ਨਾਲ ਵੱਧਦੈ ਭਾਰ-
ਸਾਡਾ ਭਾਰ ਉਦੋਂ ਵੱਧਦਾ ਹੈ ਜਦੋਂ ਸਰੀਰ ’ਚ ਫੈਟ ਜਮ੍ਹਾ ਹੁੰਦੀ ਹੈ। ਜੰਮੀ ਹੋਈ ਫੈਟ ਸੈੱਲਸ ’ਚ ਪਾਣੀ ਦੀ ਮਾਤਰਾ ਵੀ ਹੁੰਦੀ ਹੈ। ਅਜਿਹੇ ’ਚ ਜੇ ਲੋੜ ਤੋਂ ਵੱਧ ਪਾਣੀ ਪੀਂਦੇ ਹੋ ਤਾਂ ਕਿਡਨੀ ਪੂਰੇ ਪਾਣੀ ਨੂੰ ਸਰੀਰ ਤੋਂ ਬਾਹਰ ਕੱਢਣ ’ਚ ਸਮਰੱਥ ਨਹੀਂ ਹੁੰਦੀ। ਬਚਿਆ ਹੋਇਆ ਪਾਣੀ ਸਰੀਰ ’ਚ ਇਲੈਕਟ੍ਰਲਾਈਟ ਦਾ ਬੈਲੇਂਸ ਵਿਗਾੜਦਾ ਹੈ। ਇਸ ਨਾਲ ਪਾਣੀ ਸਰੀਰ ’ਚ ਜਮ੍ਹਾ ਹੋ ਜਾਂਦਾ ਹੈ ਅਤੇ ਤੁਹਾਡਾ ਭਾਰ ਵੱਧ ਜਾਂਦਾ ਹੈ। 24 ਘੰਟੇ ’ਚ ਇਹ ਜਮ੍ਹਾ ਹੋਇਆ ਪਾਣੀ ਸਰੀਰ ਤੋਂ ਨਿਕਲ ਜਾਂਦਾ ਹੈ। ਹਾਲਾਂਕਿ ਜੇ ਤੁਹਾਨੂੰ ਰੋਜ਼ ਜ਼ਿਆਦਾ ਪਾਣੀ ਪੀਣ ਦੀ ਆਦਤ ਹੈ ਤਾਂ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ।
ਇਸ ਲਈ ਲੱਗਦੀ ਹੈ ਪਿਆਸ-
ਆਮ ਤੌਰ ’ਤੇ ਜ਼ਿਆਦਾ ਸੋਡੀਅਮ ਅਤੇ ਘੱਟ ਪੋਟਾਸ਼ੀਅਮ ਦੇ ਸੇਵਨ ਨਾਲ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ। ਨਮਕ ਸੋਡੀਅਮ ਤੋਂ ਬਣਿਆ ਹੁੰਦਾ ਹੈ, ਇਸ ਲਈ ਜ਼ਿਆਦਾ ਨਮਕ ਖਾਣ ਵਾਲਿਆਂ ਨੂੰ ਕਾਫੀ ਪਿਆਸ ਲੱਗਦੀ ਹੈ। ਨਮਕ ਕੋਸ਼ਿਕਾਵਾਂ (ਸੈੱਲਸ) ਤੋਂ ਪਾਣੀ ਨੂੰ ਬਾਹਰ ਕੱਢਦਾ ਹੈ। ਅਜਿਹੇ ’ਚ ਜੇ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਤੁਹਾਡੀਆਂ ਕੋਸ਼ਿਕਾਵਾਂ ਦਿਮਾਗ ਨੂੰ ਛੇਤੀ-ਛੇਤੀ ਪਿਆਸ ਲੱਗਣ ਦਾ ਸੰਕੇਤ ਭੇਜਣ ਲੱਗਦੀਆਂ ਹਨ।
ਜ਼ਿਆਦਾ ਪਾਣੀ ਪੀਣ ਨਾਲ ਦਿਮਾਗ ’ਚ ਸੋਜ-
ਇਕ ਖੋਜ ’ਚ ਦੇਖਿਆ ਗਿਆ ਹੈ ਕਿ ਸਰੀਰ ’ਚ ਜ਼ਿਆਦਾ ਮਾਤਰਾ ’ਚ ਪਾਣੀ ਹੋ ਜਾਣ ’ਤੇ ਸੋਡੀਅਮ ਦਾ ਲੈਵਲ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ। ਸੋਡੀਅਮ ਦਾ ਪੱਧਰ ਘਟਣ ਨਾਲ ਦਿਮਾਗ ’ਚ ਸੋਜ ਆ ਸਕਦੀ ਹੈ, ਜੋ ਕਿ ਖਤਰਨਾਕ ਸਟੇਜ ਹੈ। ਖੋਜ ’ਚ ਦੇਖਿਆ ਗਿਆ ਹੈ ਕਿ ਜ਼ਿਆਦਾ ਪਾਣੀ ਪੀਣ ਕਾਰਨ ਅਸਧਾਰਨ ਰੂਪ ਨਾਲ ਸੋਡੀਅਮ ਘੱਟ ਹੋਣ ਲੱਗਦਾ ਹੈ, ਇਸ ਲਈ ਹਾਈਪ੍ਰੋਟ੍ਰਿਮੀਆ ਦਾ ਖਤਰਾ ਵੱਧ ਜਾਂਦਾ ਹੈ। ਸੋਡੀਅਮ ਇਕ ਤਰ੍ਹਾਂ ਦਾ ਇਲੈਕਟ੍ਰੋਲਾਈਟ ਹੈ, ਜੋ ਸਾਡੇ ਸਰੀਰ ’ਚ ਪਾਣੀ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।
ਕਿਡਨੀ ’ਤੇ ਬੁਰਾ ਪ੍ਰਭਾਵ-
ਲੋੜ ਤੋਂ ਵੱਧ ਪਾਣੀ ਪੀਣ ਨਾਲ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਓਵਰਹਾਈਡ੍ਰੇਸ਼ਨ ਦਾ ਅਸਰ ਸਿੱਧਾ ਕਿਡਨੀ ’ਤੇ ਪੈਂਦਾ ਹੈ। ਦਰਅਸਲ ਕਿਡਨੀਆਂ ਹੀ ਸਾਡੇ ਸਰੀਰ ’ਚ ਪਾਣੀ ਨੂੰ ਫਿਲਟਰ ਕਰਨ ਦਾ ਕੰਮ ਕਰਦੀਆਂ ਹਨ। ਜੇ ਤੁਸੀਂ ਰੋਜ਼ਾਨਾ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਕਿਡਨੀਆਂ ’ਤੇ ਕੰਮ ਦਾ ਬੋਝ ਜ਼ਿਆਦਾ ਪੈਂਦਾ ਹੈ, ਜਿਸ ਨਾਲ ਲੰਮੇ ਸਮੇਂ ’ਚ ਕਿਡਨੀ ਫੇਲ ਹੋਣ ਦਾ ਖਤਰਾ ਹੋ ਸਕਦਾ ਹੈ।


Related News