ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

Monday, Jul 25, 2022 - 10:17 AM (IST)

ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ– ਦ੍ਰੌਪਦੀ ਮੁਰਮੂ ਨੇ 25 ਜੁਲਾਈ ਯਾਨੀ ਕਿ ਅੱਜ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਸੰਸਦ ਦੇ ਕੇਂਦਰੀ ਹਾਲ ’ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ. ਵੀ. ਰਮਨਾ ਨੇ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਾਈ।ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ। ਸਹੁੰ ਚੁੱਕ ਸਮਾਗਮ ’ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਸੰਸਦ ਦੇ ਮੈਂਬਰ ਅਤੇ ਸਰਕਾਰ ਦੇ ਮੁਖੀ, ਸਿਵਲ ਅਤੇ ਫੌਜੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।

ਇਹ ਵੀ ਪੜ੍ਹੋ- ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ

ਦੱਸਣਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਉਨ੍ਹਾਂ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਉਹ ਚੋਣ ਜਿੱਤੀ ਅਤੇ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕੀ। ਓਡੀਸ਼ਾ ਦੇ ਮਯੂਰਭੰਜ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਉਨ੍ਹਾਂ ਨੇ ਰਾਸ਼ਟਰਪਤੀ ਹੋਣ ਤੱਕ ਦਾ ਸਫ਼ਰ ਤੈਅ ਕੀਤਾ ਹੈ।

ਇਹ ਵੀ ਪੜ੍ਹੋ- Breaking : ਦ੍ਰੌਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਬਣੀ, ਯਸ਼ਵੰਤ ਸਿਨਹਾ ਨੂੰ ਹਰਾਇਆ

ਦ੍ਰੌਪਦੀ ਮੁਰਮੂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਰਾਸ਼ਟਰਪਤੀ ਹੈ। ਮੁਰਮੂ ਦਾ ਜਨਮ 20 ਜੂਨ 1958 ਨੂੰ ਹੋਇਆ ਸੀ। 25 ਜੁਲਾਈ ਨੂੰ ਉਨ੍ਹਾਂ ਦੀ ਉਮਰ 64 ਸਾਲ, 1 ਮਹੀਨਾ ਅਤੇ 8 ਦਿਨ ਹੋ ਜਾਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ਨੀਲਮ ਸੰਜੀਵਾ ਰੈੱਡੀ ਦੇ ਨਾਂ ਸੀ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੀ ਉਮਰ 64 ਸਾਲ 2 ਮਹੀਨੇ ਅਤੇ 6 ਦਿਨ ਸੀ। ਮੁਰਮੂ ਰਾਸ਼ਟਰਪਤੀ ਬਣਨ ਵਾਲੀ ਦੂਜੀ ਮਹਿਲਾ ਵੀ ਹੈ। 

ਇਹ ਵੀ ਪੜ੍ਹੋ- ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ

ਮੁਰਮੂ ਨੇ 1994 ਤੋਂ 1997 ਤੱਕ ਰਾਏਰੰਗਪੁਰ ’ਚ ਸ਼੍ਰੀ ਅਰਬਿੰਦੋ ਇੰਟੇਗ੍ਰੇਟੇਲ ਐਜੂਕੇਸ਼ਨ ਐਂਡ ਰਿਸਰਚ ’ਚ ਅਧਿਆਪਕਾ ਵਜੋਂ ਕੰਮ ਕੀਤਾ। 1997 ਵਿਚ ਉਨ੍ਹਾਂ ਨੇ ਨੋਟੀਫਾਈਡ ਏਰੀਆ ਕੌਂਸਲ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤੇ। ਇਕ ਅਧਿਆਪਕ ਵਜੋਂ, ਉਨ੍ਹਾਂ ਨੇ ਪ੍ਰਾਇਮਰੀ ਸਕੂਲ ਵਿਚ ਵੱਖ-ਵੱਖ ਵਿਸ਼ੇ ਪੜ੍ਹਾਏ।


author

Tanu

Content Editor

Related News