ਡਾ. ਵਿਜੈ ਸਤਬੀਰ ਸਿੰਘ ਜੀ ਬਾਠ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਵਜੋਂ ਅਹੁਦਾ ਸੰਭਾਲਿਆ
Monday, Aug 14, 2023 - 06:32 PM (IST)

ਮੋਹਾਲੀ (ਨਿਆਮੀਆ)- ਮਹਾਰਾਸ਼ਟਰ ਸਰਕਾਰ ਵੱਲੋਂ ਬਹੁਤ ਹੀ ਇਮਾਨਦਾਰ ਅਤੇ ਕਾਬਿਲ ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਬਾਠ ਜੋ ਕਿ ਪੰਜਾਬ ਦੀ ਮਾਝੇ ਦੀ ਧਰਤੀ ਦੇ ਜੰਮਪਲ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ, ਨੂੰ ਸਿੱਖਾਂ ਦੇ ਅਹਿਮ ਮੰਨੇ ਜਾਂਦੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦਾ ਪ੍ਰਸ਼ਾਸ਼ਕ ਨਿਯੁਕਤ ਕੀਤਾ ਗਿਆ ਹੈ।
ਡਾ. ਵਿਜੈ ਸਤਬੀਰ ਸਿੰਘ ਬਾਠ ਨੇ ਅੱਜ ਯਾਨੀ ਸੋਮਵਾਰ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਮਸਤਕ ਹੋ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਨ ਨੇ ਡਾ. ਵਿਜੈ ਸਤਬੀਰ ਸਿੰਘ ਜੀ ਨੂੰ ਰਵਾਇਤੀ ਦਸਤਾਰ, ਚੋਲਾ, ਹਾਰ, ਸ੍ਰੀ ਸਾਹਿਬ ਨਾਲ ਅਹੁਦਾ ਸੰਭਾਲਣ 'ਤੇ ਤਖ਼ਤ ਸਾਹਿਬ ਵਲੋਂ ਸਨਮਾਨਿਆ ।
ਦੱਸ ਦੇਈਏ ਕਿ ਡਾ. ਵਿਜੈ ਸਤਬੀਰ ਸਿੰਘ ਬਾਠ ਪੰਜਾਬ ਦੀ ਧਰਤੀ ਪਿੰਡ ਕੈਲੇ ਕਲਾਂ (ਨਜ਼ਦੀਕ ਬਟਾਲਾ) ਜਿਲ੍ਹਾ ਗੁਰਦਾਸਪੁਰ ਦੇ ਜੰਮਪਲ ਹਨ, ਪੜ੍ਹੇ ਲਿਖੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹਾਰਵਰਡ ਯੂਨੀਵਰਸਿਟੀ (ਅਮਰੀਕਾ), ਮਨਚੈਸਟਰ ਯੂਨੀਵਰਸਿਟੀ (ਇੰਗਲੈਂਡ) ਤੋਂ ਉਚੇਰੀ ਵਿਦਿਆ ਹਾਸਲ ਕੀਤੀ। ਡਾ. ਵਿਜੈ ਸਤਬੀਰ ਸਿੰਘ ਬਾਠ ਮਹਾਰਾਸ਼ਟਰ ਸਰਕਾਰ 'ਚ ਚੇਅਰਮੈਨ ਰੇਰਾ, ਐਡੀਸ਼ਨਲ ਚੀਫ ਸੈਕਟਰੀ ਮਹਾਰਾਸ਼ਟਰ ਸਰਕਾਰ ਤੋਂ ਸੇਵਾ ਮੁਕਤ ਹੋਏ ਹਨ। ਉਹ ਪਹਿਲਾਂ ਵੀ ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੀ ਨੌਕਰੀ ਦੌਰਾਨ ਸੰਨ 2014 ਵਿੱਚ ਮੁੱਖ ਪ੍ਰਬੰਧਕ ਦੇ ਤੌਰ 'ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ ।
ਡਾ. ਵਿਜੈ ਸਤਬੀਰ ਸਿੰਘ ਜੀ ਬਾਠ ਨੇ ਕਿਹਾ ਕਿ ਗੁਰੂ ਸਾਹਿਬ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿਤੀ ਹੈ, ਉਹ ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਪੂਰੀ ਤਨਦੇਹੀ ਦੇ ਨਾਲ ਸਾਰੇ ਸਟਾਫ ਅਤੇ ਸ੍ਰੀ ਹਜੂਰ ਸਾਹਿਬ ਦੀਆਂ ਸਤਿਕਾਰਯੋਗ ਸੰਗਤਾਂ ਨੂੰ ਨਾਲ ਲੈ ਕੇ ਨਿਭਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਠਾਨ ਸਿੰਘ ਬੰਗਈ ਸੁਪਰਡੈਂਟ, ਸ੍ਰ: ਸ਼ਰਨ ਸਿੰਘ ਸੋਢੀ, ਸ੍ਰ ਹਰਜੀਤ ਸਿੰਘ ਕੜ੍ਹੇਵਾਲੇ, ਸ੍ਰ: ਜਸਵਿੰਦਰ ਸਿੰਘ, ਸ੍ਰ: ਅਮਰਪ੍ਰੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।