ਆਖ਼ਰਕਾਰ ਕਦੋਂ ਕਾਬੂ 'ਚ ਆਏਗਾ 'ਕੋਰੋਨਾ', ਹਰਸ਼ਵਰਧਨ ਨੇ ਕੀਤਾ ਇਹ ਦਾਅਵਾ
Monday, Aug 31, 2020 - 01:56 PM (IST)
ਬੈਂਗਲੁਰੂ— ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਉਮੀਦ ਜਤਾਈ ਹੈ ਕਿ ਦੀਵਾਲੀ ਤੱਕ ਕੋਰੋਨਾ ਵਾਇਰਸ ਨੂੰ ਕਾਬੂ 'ਚ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਦਰਮਿਆਨ ਹਰਸ਼ਵਰਧਨ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਜਾਂ ਦੀਵਾਲੀ ਦੇ ਸਮੇਂ ਤੱਕ ਅਸੀਂ ਕੋਰੋਨਾ ਵਾਇਰਸ 'ਤੇ ਕਾਫੀ ਹੱਦ ਤੱਕ ਕੰਟੋਰਲ ਪਾ ਲਵਾਂਗੇ, ਜੋ ਕਿ ਬਹੁਤ ਜ਼ਰੂਰੀ ਵੀ ਹੈ। ਅਨੰਤਕੁਮਾਰ ਫਾਊਂਡੇਸ਼ਨ ਵਲੋਂ ਆਯੋਜਿਤ 'ਨੈਸ਼ਨ ਫਰਸਟ' ਵੈਬੀਨਾਰ ਸੀਰੀਜ਼ 'ਚ ਸੰਬੋਧਨ ਕਰਦਿਆਂ ਡਾ. ਹਰਸ਼ਵਰਧਨ ਨੇ ਕਿਹਾ ਕਿ ਡਾ. ਦੇਵੀ ਪ੍ਰਸਾਦ ਸ਼ੈੱਟੀ ਅਤੇ ਡਾ. ਸੀ. ਐੱਨ. ਮੰਜਨਾਥ ਵਰਗੇ ਮਾਹਰ ਸ਼ਾਇਦ ਹੀ ਇਸ ਤੋਂ ਸਹਿਮਤ ਹੋਣਗੇ ਕਿ ਕੁਝ ਸਮੇਂ ਬਾਅਦ ਇਹ ਹੋਰਨਾਂ ਵਿਸ਼ਾਣੂਆਂ ਵਾਂਗ ਖਤਮ ਹੋ ਜਾਵੇਗਾ, ਜੋ ਅਤੀਤ 'ਚ ਦੁਨੀਆ 'ਚ ਆ ਚੁੱਕੇ ਹਨ।
ਕੋਰੋਨਾ ਨੇ ਜਿਊਣਾ ਸਿਖਾਇਆ—
ਹਰਸ਼ਵਰਧਨ ਨੇ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਇਕ ਸਬਕ ਸਿਖਾਇਆ ਹੈ। ਇਸ ਨੇ ਸਾਨੂੰ ਆਮ ਤਰੀਕੇ ਨਾਲ ਰਹਿਣਾ ਸਿਖਾਇਆ ਹੈ। ਆਪਣੀ ਜੀਵਨ ਸ਼ੈਲੀ ਬਾਰੇ ਵਧੇਰੇ ਸਾਵਧਾਨ ਅਤੇ ਸੁਚੇਤ ਰਹਿਣਾ ਸਿਖਾਇਆ ਹੈ। ਉਨ੍ਹਾਂ ਨੇ ਇਸ ਦੇ ਨਾਲ ਕਿਹਾ ਕਿ ਇਸ ਸਾਲ ਦੇ ਅਖ਼ੀਰ ਵਿਚ ਕੋਰੋਨਾ ਵੈਕਸੀਨ ਹਾਸਲ ਕਰਨ ਦੀ ਦੌੜ 'ਚ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਬਹੁਤ ਪਿੱਛੇ ਨਹੀਂ ਹਾਂ।
ਇਨ੍ਹਾਂ ਵੈਕਸੀਨ 'ਤੇ ਚੱਲ ਰਿਹੈ ਟਰਾਇਲ—
ਹਰਸ਼ਵਰਧਨ ਨੇ ਕਿਹਾ ਕਿ ਭਾਰਤ 'ਚ 7-8 ਵੈਕਸੀਨ 'ਤੇ ਕੰਮ ਹੋ ਰਿਹਾ ਹੈ। ਇਨ੍ਹਾਂ 'ਚੋਂ ਤਿੰਨ ਕਲੀਨਿਕਲ ਟਰਾਇਲ ਦੇ ਪੜਾਅ 'ਚ ਪਹੁੰਚ ਗਈਆਂ ਹਨ ਅਤੇ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਵਿਚ ਸਾਨੂੰ ਇਕ ਵੈਕਸੀਨ ਮਿਲ ਜਾਵੇਗੀ। ਦੱਸਣਯੋਗ ਹੈ ਕਿ ਪਹਿਲੀ ਵੈਕਸੀਨੀ ਕੋਵੈਕਸੀਨ ਹੈ, ਜਿਸ ਨੂੰ ਭਾਰਤ ਬਾਇਓਟੇਕ ਨੇ ਭਾਰਤੀ ਮੈਡੀਕਲ ਖੋਜ ਪਰੀਸ਼ਦ ਨਾਲ ਸਾਂਝੇ ਰੂਪ ਨਾਲ ਵਿਕਸਿਤ ਕੀਤਾ ਹੈ। ਦੂਜੀ ਵੈਕਸੀਨ ਦਾ ਨਾਂ ਜਾਇਕੋਵ-ਡੀ ਹੈ, ਜਿਸ ਨੂੰ ਜਾਇਡਸ ਕੈਡਿਲਾ ਨੇ ਵਿਕਸਿਤ ਕੀਤਾ ਹੈ। ਤੀਜੀ ਵੈਕਸੀਨ ਦਾ ਨਾਂ ਕੋਵੀਸ਼ੀਲਡ ਹੈ, ਜਿਸ ਨੂੰ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਪੁਣੇ ਅਤੇ ਐਸਟ੍ਰਾਜੈਨੇਕਾ ਵਲੋਂ ਸਾਂਝੇ ਰੂਪ ਨਾਲ ਨਿਰਮਿਤ ਕੀਤਾ ਗਿਆ। ਇਸ ਦਾ ਟਰਾਇਲ ਫ਼ਿਲਹਾਲ ਪੁਣੇ ਵਿਚ ਚੱਲ ਰਿਹਾ ਹੈ। ਇਕ ਵੈਕਸੀਨ ਦਾ ਟਰਾਇਲ ਤਾਂ ਤੀਜੇ ਪੜਾਅ ਵਿਚ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਸਿਹਤ ਮੰਤਰੀ ਦਾ ਵੱਡਾ ਬਿਆਨ