ਕਸ਼ਮੀਰੀਆਂ ਦੀ ਨੇਕੀ ਦੀ ਦਾਸਤਾਨ; ਸ਼੍ਰੀਨਗਰ ਦੇ ਇਸ ਪਿੰਡ ’ਚ ਵਿਆਹਾਂ ’ਚ ਦਾਜ-ਫਜ਼ੂਲਖਰਚੀ ’ਤੇ ਰੋਕ

Monday, Apr 26, 2021 - 04:20 PM (IST)

ਕਸ਼ਮੀਰੀਆਂ ਦੀ ਨੇਕੀ ਦੀ ਦਾਸਤਾਨ; ਸ਼੍ਰੀਨਗਰ ਦੇ ਇਸ ਪਿੰਡ ’ਚ ਵਿਆਹਾਂ ’ਚ ਦਾਜ-ਫਜ਼ੂਲਖਰਚੀ ’ਤੇ ਰੋਕ

ਸ਼੍ਰੀਨਗਰ— ਵਿਆਹਾਂ ਮੌਕੇ ਹਾਲਾਂਕਿ ਇਹ ਹੋਕਾ ਦਿੱਤਾ ਜਾਂਦਾ ਹੈ ਕਿ ‘ਨਾ ਦਾਜ ਲਓ ਤੇ ਦਾਜ ਦਿਓ’ ਪਰ ਇਸ ਦੇ ਬਾਵਜੂਦ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਸ਼੍ਰੀਨਗਰ ਦੇ ਗਾਂਦੇਰਬਲ ਜ਼ਿਲ੍ਹੇ ਦੀਆਂ ਖੂਬਸੂਰਤ ਵਾਦੀਆਂ ਦਰਮਿਆਨ ਬਾਬਾ ਵਾਇਲ ਪਿੰਡ (Baba Vayil village) ਵਸਿਆ ਹੈ। ਇੱਥੋਂ ਦੇ ਲੋਕਾਂ ਦੀ ਨੇਕੀ ਦੀ ਵਜ੍ਹਾ ਤੋਂ ਇਸ ਪਿੰਡ ਨੂੰ ਲੋਕ ‘ਬੜਾ ਘਰ’ ਕਹਿੰਦੇ ਹਨ। ਇਹ ਸ਼੍ਰੀਨਗਰ ਦਾ ਇਕਮਾਤਰ ਪਿੰਡ ਹੈ, ਜਿੱਥੇ ਵਿਆਹਾਂ ’ਚ ਦਾਜ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਲਾੜਾ ਜਾਂ ਲਾੜੀ ਨੂੰ ਤੋਹਫ਼ੇ ਵਿਚ ਸੋਨੇ ਦੀ ਕੋਈ ਵੀ ਚੀਜ਼ ਦੇਣ ਦੀ ਰਸਮ ਨਹੀਂ ਹੁੰਦੀ, ਭਾਵੇਂ ਪਰਿਵਾਰ ਕਿੰਨੇ ਵੀ ਪੈਸੇ ਵਾਲਾ ਕਿਉਂ ਨਾ ਹੋਵੇ। ਤਕਰੀਬਨ ਤਿੰਨ ਦਹਾਕਿਆਂ ਤੋਂ ਪਿੰਡ ਦੇ ਲੋਕ ਅਜਿਹਾ ਕਰਦੇ ਆ ਰਹੇ ਹਨ। 

ਪੂਰੀ ਤਰ੍ਹਾਂ ਸਾਦੇ ਹੁੰਦੇ ਹਨ ਵਿਆਹ-
ਵਿਆਹ ਪੂਰੀ ਤਰ੍ਹਾਂ ਸਾਦੇ ਹੁੰਦੇ ਹਨ। ਲਾੜਾ ਅਤੇ ਲਾੜੀ ਦੇ ਪਰਿਵਾਰ ਵਾਲੇ ਵਿਆਹ ਦਾ ਖਰਚ ਚੁੱਕਦੇ ਹਨ। ਲਾੜੇ ਦਾ ਪਰਿਵਾਰ ਕੁੜੀ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦਿੰਦਾ ਹੈ। ਯਾਨੀ ਕਿ ਕੁੜੀ ਦੇ ਪਰਿਵਾਰ ਨੂੰ ਆਪਣੀ ਧੀ ਦੇ ਵਿਆਹ ’ਚ ਕੁਝ ਵੀ ਖਰਚ ਨਹੀਂ ਕਰਨਾ ਪੈਂਦਾ। ਇਨ੍ਹਾਂ ਨਿਯਮਾਂ ਮੁਤਾਬਕ ਜੇਕਰ ਕੋਈ ਦਾਜ ਲੈਂਦੇ ਹੋਏ ਵੇਖਿਆ ਜਾਂਦਾ ਹੈ ਤਾਂ ਉਸ ਦਾ ਸਮਾਜਿਕ ਬਾਇਕਾਟ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਉਸ ਪਰਿਵਾਰ ’ਚ ਜੇਕਰ ਕਿਸੇ ਦੀ ਮੌਤ ਹੋ ਜਾਵੇ ਤਾਂ ਸੋਗ ’ਤੇ ਵੀ ਕੋਈ ਵਿਅਕਤੀ ਨਹੀਂ ਜਾਂਦਾ।

ਪਿੰਡ ’ਚ ਘਰੇਲੂ ਹਿੰਸਾ ਅਤੇ ਦਾਜ ਸਬੰਧੀ ਇਕ ਵੀ ਮਾਮਲਾ ਨਹੀਂ-
ਵੱਡੀ ਗੱਲ ਇਹ ਵੀ ਹੈ ਕਿ 30 ਸਾਲ ’ਚ ਇਸ ਪਿੰਡ ’ਚ ਘੇਰਲੂ ਹਿੰਸਾ ਅਤੇ ਦਾਜ ਸਬੰਧੀ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਮੱਧ ਵਰਗ ਤੋਂ ਆਉਂਦੇ ਹਨ, ਜੋ ਅਖਰੋਟ, ਪਸ਼ਮੀਨਾ ਦਾ ਕਾਰੋਬਾਰ ਅਤੇ ਖੇਤੀ ਕਰਦੇ ਹਨ। ਇਸ ਪਿੰਡ ਦੀ ਮਸਜਿਦ ਦੇ 60 ਸਾਲਾ ਕਾਜ਼ੀ ਮੁਹੰਮਦ ਸਈਦ ਸ਼ਾਹ ਕਹਿੰਦੇ ਹਨ ਕਿ ਲੋਕ ਸਾਡੇ ਪਿੰਡ ’ਚ ਆਪਣੀਆਂ ਕੁੜੀਆਂ ਵਿਆਹੁਣਾ ਚਾਹੁੰਦੇ ਹਨ। ਇੱਥੇ ਧੀਆਂ ਆਪਣੇ ਪਰਿਵਾਰ ’ਤੇ ਬੋਝ ਨਹੀਂ ਹਨ। ਸਾਰੇ ਪ੍ਰੋਗਰਾਮ ਬੇਹੱਦ ਸਾਦਗੀਪੂਰਨ ਹੁੰਦੇ ਹਨ। 

ਵੱਡੇ ਬਜ਼ੁਰਗ ਰੱਖਦੇ ਹਨ ਨਜ਼ਰ- 

ਪਿੰਡ ਦੇ ਵੱਡੇ ਬਜ਼ੁਰਗ ਇਸ ਗੱਲ ’ਤੇ ਨਜ਼ਰ ਰੱਖਦੇ ਹਨ ਕਿ ਕਿਸੇ ਨੂੰ ਦਾਜ ਦੇਣ ਲਈ ਮਜਬੂਰ ਨਾ ਕੀਤਾ ਜਾਵੇ। ਕਾਫੀ ਦੇਰ ਪਹਿਲਾ ਇਕ ਮਾਮਲਾ ਆਇਆ ਸੀ, ਤਾਂ ਪਿੰਡ ਦੇ ਲੋਕਾਂ ਨੇ ਦਾਜ ਦੇ ਸਾਮਾਨ ਨੂੰ ਅੱਗ ਲਾ ਦਿੱਤੀ ਸੀ। ਉਦੋਂ ਤੋਂ ਪਿੰਡ ਦੇ ਲੋਕ ਨਿਯਮਾਂ ਅਤੇ ਸਿਧਾਂਤਾਂ ਨੂੰ ਅਪਣਾਉਂਦੇ ਆ ਰਹੇ ਹਨ।


author

Tanu

Content Editor

Related News