ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਦਾ ਕਤਲ ਕਰ ਜ਼ਮੀਨ ’ਚ ਦੱਬ ਦਿੱਤੀ ਲਾਸ਼
Tuesday, Mar 19, 2024 - 06:41 PM (IST)

ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਇਕ ਵਿਅਕਤੀ ਨੇ ਚਰਿੱਤਰ ’ਤੇ ਸ਼ੱਕ ਦੇ ਦੋਸ਼ ਹੇਠ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਇਕ ਬੇਆਬਾਦ ਮਕਾਨ ’ਚ ਦੱਬ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਲਾਸ਼ ਭਿਵੰਡੀ ਦੇ ਆਂਗਾਂਵ ਪਿੰਡ ’ਚੋਂ ਬਰਾਮਦ ਕੀਤੀ ਗਈ।
ਗਣੇਸ਼ਪੁਰੀ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਧਰਮਰਾਜ ਸੋਨਕੇ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਬਰਨਾਥ ਦੀ ਰਹਿਣ ਵਾਲੀ ਜਯੋਤਸਨਾ ਸ਼ੇਲਾਰ 5 ਮਾਰਚ ਤੋਂ ਲਾਪਤਾ ਹੈ। ਰਿਸ਼ਤੇਦਾਰਾਂ ਨੇ ਇਸ ਸਬੰਧੀ ਸ਼ਿਵਾਜੀ ਨਗਰ ਥਾਣੇ ’ਚ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤੇ ਕੁਝ ਸੁਰਾਗ ਮਿਲੇ, ਜਿਸ ਦੇ ਆਧਾਰ ’ਤੇ ਔਰਤ ਦੇ ਪਤੀ ਦਿਗੰਬਰ ਨੂੰ ਹਿਰਾਸਤ ’ਚ ਲੈ ਲਿਆ ਗਿਆ। ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਤੇ ਉਸ ਦੀ ਲਾਸ਼ ਨੂੰ ਜ਼ਮੀਨ ’ਚ ਦੱਬਣ ਦੀ ਗੱਲ ਮੰਨੀ।