ਡੀ.ਓ.ਪੀ.ਟੀ. ਵਿਚ ਸ਼ਸ਼ੋਪੰਜ, ਨਾਇਡੂ ਦੇ ਦਬਾਅ ਅੱਗੇ ਝੁਕਿਆ ਕੇਂਦਰ
Wednesday, Oct 01, 2025 - 10:43 AM (IST)

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦਾ ਦਬਦਬਾ ਇਕ ਵਾਰ ਫਿਰ ਉਦੋਂ ਦਿਖਾਈ ਦਿੱਤਾ, ਜਦੋਂ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਨੇ ਆਈ.ਏ.ਐੱਸ. ਅਧਿਕਾਰੀ ਅਨਿਲ ਸਿੰਘਲ ਦੀ ਰਾਸ਼ਟਰੀ ਰੇਨਫੈੱਡ ਏਰੀਆ ਅਥਾਰਟੀ (ਐੱਨ.ਆਰ.ਏ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਜੋਂ ਨਿਯੁਕਤੀ ਰੱਦ ਕਰ ਦਿੱਤੀ।
ਏ.ਸੀ.ਸੀ. ਨੇ ਇਸ ਦੇ ਬਜਾਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀ.ਓ.ਏ.ਐੱਫ.ਡਬਲਯੂ.) ਵਿਚ ਵਧੀਕ ਸਕੱਤਰ ਪ੍ਰਮੋਦ ਕੁਮਾਰ ਮਹਿੰਦਰਾ (ਆਈ.ਏ.ਐੱਸ.: 1997 : ਓਡਿਸ਼ਾ ਕੇਡਰ) ਨੂੰ 15 ਜੁਲਾਈ 2025 ਤੋਂ ਪਹਿਲੇ 6 ਮਹੀਨਿਆਂ ਲਈ ਸੀ.ਈ.ਓ. ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ।
ਡੀ.ਓ.ਪੀ.ਟੀ. ਵੱਲੋਂ ਸੋਮਵਾਰ (29 ਸਤੰਬਰ, 2025) ਨੂੰ ਜਾਰੀ ਕੀਤੇ ਗਏ ਇਕ ਅਧਿਕਾਰਤ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੇ ਇਸ ਉਲਝਣ ਨੂੰ ਹੱਲ ਕਰ ਦਿੱਤਾ ਹੈ। ਇਹ ਉਲਝਣ ਉਦੋਂ ਸ਼ੁਰੂ ਹੋਈ ਜਦੋਂ ਸਿੰਘਲ ਨੂੰ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵਿਚ ਵਧੀਕ ਸਕੱਤਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ 2 ਜੁਲਾਈ, 2025 ਨੂੰ ਆਂਧਰਾ ਪ੍ਰਦੇਸ਼ ਵਿਚ ਆਪਣੇ ਮੂਲ ਕੇਡਰ ’ਚ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ, 25 ਅਗਸਤ 2025 ਨੂੰ ਉਨ੍ਹਾਂ ਨੂੰ ਇਕ ਵਾਰ ਫਿਰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਐੱਨ.ਆਰ.ਏ.ਏ. ਦੇ ਸੀ.ਈ.ਓ. ਵਜੋਂ ਕੇਂਦਰੀ ਡੈਪੂਟੇਸ਼ਨ ’ਤੇ ਭੇਜ ਦਿੱਤਾ ਗਿਆ।
ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਦਾ ਵਿਰੋਧ ਕੀਤਾ। ਸਰਕਾਰ ਨੇ ਉਨ੍ਹਾਂ ਨੂੰ 8 ਸਤੰਬਰ, 2025 ਨੂੰ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਦੇ ਕਾਰਜਕਾਰੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਸੀ। ਇਸ ਓਵਰਲੈਪ ਨੇ ਉਨ੍ਹਾਂ ਦੀਆਂ ਨਿਯੁਕਤੀਆਂ ਦੇ ਜਾਇਜ਼ ਹੋਣ ਅਤੇ ਸਪੱਸ਼ਟਤਾ ਬਾਰੇ ਸਵਾਲ ਖੜ੍ਹੇ ਕਰ ਦਿੱਤੇ। ਕੇਂਦਰ ਸਰਕਾਰ ਨੇ ਨਰਮੀ ਦਿਖਾਈ ਅਤੇ ਆਪਣੇ ਹੁਕਮ ਵਿਚ ਸੋਧ ਕੀਤੀ। ਪਰਸੋਨਲ ਅਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਵੱਲੋਂ ਸਿੰਘਲ ਦੇ ਕੇਂਦਰੀ ਡੈਪੂਟੇਸ਼ਨ ਨੂੰ ਰੱਦ ਕਰਨ ਦੇ ਹਾਲ ਹੀ ਦੇ ਹੁਕਮ ਨਾਲ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਲੈ ਕੇ ਅਸਪੱਸ਼ਟਤਾ ਦੂਰ ਹੋ ਗਈ ਹੈ।
ਟੀ. ਟੀ. ਡੀ. ਦੇ ਕਾਰਜਕਾਰੀ ਅਧਿਕਾਰੀ ਵਜੋਂ ਸਿੰਘਲ ਦੀ ਸੂਬਾ ਪੱਧਰੀ ਨਿਯੁਕਤੀ ਹੁਣ ਉਨ੍ਹਾਂ ਦੀ ਅਧਿਕਾਰਤ ਡਿਊਟੀ ਹੈ। ਇਹ ਸਪੱਸ਼ਟੀਕਰਨ ਪਰਸੋਨਲ ਅਤੇ ਸਿਖਲਾਈ ਵਿਭਾਗ ਵੱਲੋਂ ਕੇਡਰ ਪ੍ਰਬੰਧਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਕੇਂਦਰੀ ਡੈਪੂਟੇਸ਼ਨਾਂ ਦੇ ਸਹੀ ਪ੍ਰਬੰਧਨ ਨੂੰ ਵੀ ਉਜਾਗਰ ਕਰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e