ਇਕ ਹਾਦਸੇ ਨਾਲ ਏਅਰ ਇੰਡੀਆ ਨੂੰ ਇੰਝ ਬਦਨਾਮ ਨਾ ਕਰੋ! SC ਨੇ ਜਾਂਚ ਪਟੀਸ਼ਨ ''ਤੇ ਕੀਤੀ ਸਖਤ ਟਿਪਣੀ
Friday, Aug 08, 2025 - 08:23 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਸੁਰੱਖਿਆ ਪ੍ਰਬੰਧਾਂ ਸਮੇਤ ਹੋਰ ਪਹਿਲੂਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਯੁਕਤੀ ਦੀ ਅਪੀਲ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਪਟੀਸ਼ਨਰ ਨੂੰ ਪੁੱਛਿਆ ਕਿ ਸਿਰਫ਼ ਉਸ ਏਅਰਲਾਈਨ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਜੋ ਇਕ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੋਈ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੀ ਬੈਂਚ ਨੇ ਪਟੀਸ਼ਨਰ ਨਰਿੰਦਰ ਕੁਮਾਰ ਗੋਸਵਾਮੀ ਨੂੰ ਕਿਹਾ ਕਿ ਉਹ ਆਪਣੀ ਜਨਹਿੱਤ ਪਟੀਸ਼ਨ ਵਾਪਸ ਲੈ ਲੈਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਢੁੱਕਵੇਂ ਫੋਰਮ ਨਾਲ ਸੰਪਰਕ ਕਰਨ। ਬੈਂਚ ਨੇ ਕਿਹਾ ਕਿ ਇਹ ਪ੍ਰਭਾਵ ਨਾ ਦਿਓ ਕਿ ਤੁਸੀਂ ਕਿਸੇ ਹੋਰ ਏਅਰਲਾਈਨ ਨਾਲ ਮਿਲ ਕੇ ਕੰਮ ਕਰ ਰਹੇ ਹੋ। ਇਸ ਹਾਦਸੇ ਨੂੰ ਲੈ ਕੇ ਸਿਰਫ ਏਅਰ ਇੰਡੀਆ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜੇਕਰ ਤੁਸੀਂ ਇਕ ਰੈਗੂਲੇਟਰੀ ਪ੍ਰਣਾਲੀ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਪਟੀਸ਼ਨ ਵਿਚ ਕਿਸੇ ਹੋਰ ਏਅਰਲਾਈਨ ਨੂੰ ਧਿਰ ਕਿਉਂ ਨਹੀਂ ਬਣਾਇਆ?
ਪਟੀਸ਼ਨਰ ਨੇ ਦਾਅਵਾ ਕੀਤਾ ਕਿ ਉਹ ਏਅਰਲਾਈਨ ਨਾਲ ਜੁੜੀ ‘ਕਿਸੇ ਮੰਦਭਾਗੀ ਘਟਨਾ’ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਬਾਅਦ ਜਸਟਿਸ ਸੂਰਿਆਕਾਂਤ ਨੇ ਉਸ ਨੂੰ ਕਿਹਾ ਕਿ ਅਸੀਂ ਵੀ ਹਰ ਹਫ਼ਤੇ ਯਾਤਰਾ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਸਥਿਤੀ ਕੀ ਹੈ। ਇਕ ਦੁਖਾਂਤ ਵਾਪਰਿਆ, ਜੋ ਕਿ ਬਹੁਤ ਮੰਦਭਾਗਾ ਹੈ। ਇਹ ਕਿਸੇ ਵੀ ਏਅਰਲਾਈਨ ਦੀ ਆਲੋਚਨਾ ਕਰਨ ਦਾ ਸਮਾਂ ਨਹੀਂ ਹੈ।