ਟਰੰਪ ਦਾ ਭਾਰਤ ਦੌਰਾ : ''ਦਿ ਬੀਸਟ'' ਦੀ ਝਲਕ ਪਾਉਣ ਲਈ ਬੇਤਾਬ ਆਗਰਾ ਵਾਸੀ
Monday, Feb 24, 2020 - 02:36 PM (IST)
ਆਗਰਾ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਯਾਤਰਾ 'ਤੇ ਪੁੱਜ ਗਏ ਹਨ। ਟਰੰਪ ਆਪਣੀ ਪਤਨੀ ਮੇਲਾਨੀਆ, ਧੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਨਾਲ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ ਟਰੰਪ ਸਮੇਤ ਉਨ੍ਹਾਂ ਦੇ ਪਰਿਵਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਘਾ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਪਹਿਲੀ ਵਾਰ ਤਾਜ ਮਹਿਲ ਦਾ ਦੀਦਾਰ ਕਰਨਗੇ। ਪਹਿਲੀ ਵਾਰ ਆਗਰਾ ਜਾਣ ਜਾ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਹੱਦ ਖਾਸ ਵਾਹਨ 'ਦਿ ਬੀਸਟ' ਦੀ ਇਕ ਝਲਕ ਪਾਉਣ ਲਈ ਇੱਥੋਂ ਦੇ ਵਾਸੀ ਬੇਤਾਬ ਹੋ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਦੀ ਲਿਮੋਜ਼ਿਨ ਕਾਰ ਨੂੰ 'ਦਿ ਬੀਸਟ' ਕਿਹਾ ਜਾਂਦਾ ਹੈ। ਆਗਰਾ ਆ ਰਹੇ ਟਰੰਪ ਦੀ ਲਿਮੋਜ਼ਿਨ ਉਨ੍ਹਾਂ ਦੇ ਕਾਫਿਲੇ ਦਾ ਹਿੱਸਾ ਹੋਵੇਗੀ। ਹਾਲਾਂਕਿ ਜ਼ਿਲਾ ਅਧਿਕਾਰੀਆਂ ਨੇ 'ਦਿ ਬੀਸਟ' ਬਾਰੇ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ। ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਹੀ ਆਗਰਾ ਪਹੁੰਚਣਗੇ। ਦਿ ਬੀਸਟ ਦੀਆਂ ਖਿੜਕੀਆਂ ਬੁਲੇਟ ਪਰੂਫ ਹਨ। ਤਾਜਗੰਜ ਇਲਾਕੇ ਵਿਚ ਰਹਿਣ ਵਾਲੇ ਇਕ ਵਿਦਿਆਰਥੀ ਰਾਹੁਲ ਕੁਮਾਰ ਨੇ ਕਿਹਾ ਕਿ ਉਹ ਬੀਸਟ ਦੀ ਝਲਕ ਪਾਉਣ ਲਈ ਬੇਤਾਬ ਹਨ।