USA ਰਾਸ਼ਟਰਪਤੀ ਨੇ PM ਮੋਦੀ ਨੂੰ ਕਿਹਾ- ''ਧੰਨਵਾਦ, ਨਹੀਂ ਭੁੱਲਾਂਗੇ ਭਾਰਤ ਦਾ ਅਹਿਸਾਨ''

Thursday, Apr 09, 2020 - 08:56 AM (IST)

USA ਰਾਸ਼ਟਰਪਤੀ ਨੇ PM ਮੋਦੀ ਨੂੰ ਕਿਹਾ- ''ਧੰਨਵਾਦ, ਨਹੀਂ ਭੁੱਲਾਂਗੇ ਭਾਰਤ ਦਾ ਅਹਿਸਾਨ''

ਵਾਸ਼ਿੰਗਟਨ- ਕੋਰੋਨਾ ਵਾਇਰਸ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਾਈਨ ਦੀ ਸਪਲਾਈ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦਾ ਧੰਨਵਾਦ ਕੀਤਾ ਹੈ। ਇਕ ਟਵੀਟ ਵਿਚ ਟਰੰਪ ਨੇ ਕਿਹਾ, "ਮੁਸ਼ਕਲ ਹਾਲਾਤ ਵਿਚ ਦੋਸਤਾਂ ਦੇ ਸਾਥ ਦੀ ਜ਼ਰੂਰਤ ਪੈਂਦੀ ਹੈ, ਹਾਈਡ੍ਰੋਕਸੀਕਲੋਰੋਕਾਈਨ 'ਤੇ ਫੈਸਲਾ ਲੈਣ ਲਈ ਭਾਰਤ ਤੇ ਇਸ ਦੇ ਲੋਕਾਂ ਦਾ ਧੰਨਵਾਦ, ਇਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ, ਇਸ ਸਹਿਯੋਗ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ।" 

ਕੋਰੋਨਾ ਸੰਕਟ ਨਾਲ ਜੂਝ ਰਹੇ ਅਮਰੀਕਾ ਨੇ ਬੀਤੇ ਦਿਨੀਂ ਭਾਰਤ ਤੋਂ ਮਦਦ ਮੰਗੀ ਸੀ। ਇਸ ਮਦਦ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਮਕੀ ਭਰਿਆ ਬਿਆਨ ਸਾਹਮਣੇ ਆਇਆ ਸੀ ਪਰ ਹੁਣ 24 ਘੰਟੇ ਵਿਚ ਹੀ ਉਹ ਪੂਰੀ ਤਰ੍ਹਾਂ ਬਦਲੇ ਹੋਏ ਦਿਖਾਈ ਦਿੱਤੇ। ਹਾਈਡ੍ਰੋਕਸੀਕਲੋਰੋਕਾਈਨ ਦਵਾਈ ਨੂੰ ਲੈ ਕੇ ਟਰੰਪ ਨੇ ਬਾਅਦ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਮਦਦ ਕੀਤੀ, ਉਹ ਕਾਫੀ ਸ਼ਾਨਦਾਰ ਹਨ।

ਹਾਈਡ੍ਰੋਕਸੀਕਲੋਰੋਕਾਈਨ ਦੇ ਮਸਲੇ 'ਤੇ ਅਮਰੀਕੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਟਰੰਪ ਨੇ ਭਾਰਤ ਨਾਲ ਹੋਏ ਪੂਰੇ ਵਿਵਾਦ 'ਤੇ ਗੱਲ ਕੀਤੀ। ਟਰੰਪ ਨੇ ਕਿਹਾ ਕਿ ਅਸੀਂ ਵਿਦੇਸ਼ ਤੋਂ ਕਈ ਦਵਾਈਆਂ ਮੰਗਵਾ ਰਹੇ ਹਾਂ, ਇਸ ਨੂੰ ਲੈ ਕੇ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕੀਤੀ ਕਿਉਂਕਿ ਭਾਰਤ ਤੋਂ ਕਾਫੀ ਦਵਾਈਆਂ ਆ ਰਹੀਆਂ ਹਨ। ਇਸ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਮੈਂ ਮੋਦੀ ਜੀ ਨੂੰ ਪੁੱਛਿਆ ਕੀ ਉਹ ਦਵਾਈ ਦੇਣਗੇ? ਉਹ ਸ਼ਾਨਦਾਰ ਹਨ। ਭਾਰਤ ਨੇ ਆਪਣੀ ਜ਼ਰੂਰਤ ਲਈ ਹੀ ਹਾਈਡ੍ਰੋਕਸੀਕਲੋਰੋਕਾਈਨ ਦਵਾਈ ਦੇ ਬਰਾਮਦ 'ਤੇ ਰੋਕ ਲਗਾਈ ਸੀ ਪਰ ਉਹ ਸਹੀ ਹਨ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਜੇਕਰ ਭਾਰਤ ਹਾਈਡ੍ਰੋਕਸੀਕਲੋਰੋਕਾਈਨ ਦੀ ਸਪਲਾਈ ਨਹੀਂ ਕਰਦਾ ਤਾਂ ਉਹ ਉਨ੍ਹਾਂ 'ਤੇ ਜਵਾਬੀ ਕਾਰਵਾਈ ਕਰ ਸਕਦੇ ਹਨ, ਜਿਸ ਦੇ ਬਾਅਦ ਭਾਰਤ ਵਿਚ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। 
ਇਸ ਮਸਲੇ 'ਤੇ ਡੋਨਾਲਡ ਟਰੰਪ ਨੇ ਕਿਹਾ ਕਿ ਇਸ 'ਤੇ ਕਾਫੀ ਲੋਕ ਬਹੁਤ ਕੁੱਝ ਕਹਿ ਰਹੇ ਹਨ ਪਰ ਉਹ ਇਸ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਇੱਥੇ ਲੋਕਾਂ ਦੀ ਜਾਨ ਬਚਾਉਣ ਦਾ ਮਾਮਲਾ ਹੈ। 
ਤੁਹਾਨੂੰ ਦੱਸ ਦਈਏ ਕਿ ਉਂਝ ਇਹ ਦਵਾਈ ਮਲੇਰੀਆ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਸੀ ਪਰ ਕਿਹਾ ਜਾ ਰਿਹਾ ਹੈ ਕਿ ਇਸ ਦਾ ਕੋਰੋਨਾ ਮਰੀਜ਼ਾਂ 'ਤੇ ਚੰਗਾ ਅਸਰ ਦੇਖਿਆ ਗਿਆ ਹੈ, ਇਸ ਲਈ ਇਸ ਦੀ ਵਰਤੋਂ ਡਾਕਟਰ ਕਰ ਰਹੇ ਹਨ ਪਰ ਇਸ ਦਵਾਈ ਨੂੰ ਕੋਈ ਵੀ ਆਪਣੀ ਮਰਜ਼ੀ ਨਾਲ ਲੈ ਕੇ ਖਾ ਨਹੀਂ ਸਕਦਾ।


author

Lalita Mam

Content Editor

Related News