ਟਰੰਪ ਦੇ ਟੈਰਿਫ਼ ਨੂੰ ਭਾਰਤ ਦਾ ਮੂੰਹਤੋੜ ਜਵਾਬ ! GST ''ਚ ਕਟੌਤੀ ਨਾਲ ਵਪਾਰ ਨੂੰ ਮਿਲਿਆ ਵੱਡਾ ਹੁਲਾਰਾ
Saturday, Sep 06, 2025 - 11:52 AM (IST)

ਨੈਸ਼ਨਲ ਡੈਸਕ- ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ 'ਚ ਵਪਾਰਕ ਤਣਾਅ ਵੱਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਉਤਪਾਦਾਂ 'ਤੇ 50 ਫੀਸਦੀ ਟੈਰਿਫ਼ ਲਗਾ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਨਿਰਯਾਤ ‘ਤੇ ਪੈ ਰਿਹਾ ਹੈ। ਟੈਰਿਫ਼ ਕਾਰਨ ਕੱਪੜਾ, ਗਹਿਣਿਆਂ ਸਮੇਤ ਕਈ ਸੈਕਟਰਾਂ ਦਾ ਨਿਰਯਾਤ ਹੌਲੀ ਪੈ ਗਿਆ ਹੈ।
ਸਰਕਾਰ ਵੱਲੋਂ ਖਾਸ ਪੈਕੇਜ ਦੀ ਤਿਆਰੀ
ਸਰਕਾਰ ਹੁਣ ਨਿਰਯਾਤਕਾਂ ਨੂੰ ਰਾਹਤ ਦੇਣ ਲਈ ਖਾਸ ਪੈਕੇਜ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ, ਇਹ ਪੈਕੇਜ ਛੋਟੇ ਅਤੇ ਦਰਮਿਆਨੇ ਨਿਰਯਾਤਕਾਂ ਦੀ ਲਿਕਵਿਡਿਟੀ ਦੀ ਸਮੱਸਿਆ ਦੂਰ ਕਰਨ ‘ਤੇ ਕੇਂਦਰਿਤ ਹੋਵੇਗਾ ਅਤੇ ਕਾਰੋਬਾਰੀ ਪੂੰਜੀ ‘ਤੇ ਪੈ ਰਹੇ ਬੋਝ ਨੂੰ ਵੀ ਘਟਾਏਗਾ।
ਰੁਜ਼ਗਾਰ ਦੀ ਸੁਰੱਖਿਆ ਵੀ ਵੱਡੀ ਚੁਣੌਤੀ
ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਰਯਾਤਕ ਨਵੇਂ ਬਾਜ਼ਾਰ ਲੱਭਣ ਤੱਕ ਆਪਣੇ ਉਤਪਾਦਨ ਨੂੰ ਬਿਨਾਂ ਰੁਕਾਵਟ ਜਾਰੀ ਰੱਖ ਸਕਣ। ਚਮੜਾ, ਫੁੱਟਵੇਅਰ, ਰਸਾਇਣ, ਇੰਜੀਨੀਅਰਿੰਗ ਉਤਪਾਦ ਅਤੇ ਖੇਤੀ ਨਾਲ ਜੁੜੇ ਸੈਕਟਰਾਂ 'ਚ ਲੱਖਾਂ ਲੋਕ ਰੁਜ਼ਗਾਰ ਕਰਦੇ ਹਨ। ਖਾਸ ਪੈਕੇਜ ਰਾਹੀਂ ਇਨ੍ਹਾਂ ਦੀ ਰੋਜ਼ੀ-ਰੋਟੀ ਨੂੰ ਸੁਰੱਖਿਅਤ ਕਰਨਾ ਵੀ ਲਾਜ਼ਮੀ ਹੈ।
ਕੋਵਿਡ-19 ਵਾਲੇ ਪੈਕੇਜ ਵਾਂਗ ਹੋ ਸਕਦੀ ਹੈ ਮਦਦ
ਰਿਪੋਰਟ ਮੁਤਾਬਕ ਇਹ ਪੈਕੇਜ ਕੁਝ ਹੱਦ ਤੱਕ ਕੋਵਿਡ-19 ਦੌਰਾਨ ਦਿੱਤੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਵਾਂਗ ਹੋ ਸਕਦਾ ਹੈ। ਉਸ ਸਮੇਂ ਸਰਕਾਰ ਨੇ MSME ਸੈਕਟਰ ਨੂੰ ਸਹਾਰਾ ਦਿੱਤਾ ਸੀ, ਹੁਣ ਫਿਰੋਂ ਉਸੇ ਤਰ੍ਹਾਂ ਦੀ ਮਦਦ ਦੀ ਤਿਆਰੀ ਕੀਤੀ ਜਾ ਰਹੀ ਹੈ।
ਜੀਐੱਸਟੀ ‘ਚ ਵੀ ਮਿਲੀ ਰਾਹਤ
ਹਾਲ ਹੀ 'ਚ ਹੋਈ 56ਵੀਂ ਜੀਐੱਸਟੀ ਕੌਂਸਲ ਮੀਟਿੰਗ 'ਚ ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ। ਸਰਕਾਰ ਨੇ ਹੁਣ ਸਿਰਫ਼ 2 ਹੀ ਟੈਕਸ ਸਲੈਬ ਰੱਖੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ– ਜਿਵੇਂ ਰੋਟੀ, ਦੁੱਧ, ਪਨੀਰ ਪਰਾਂਠਾ ਅਤੇ ਕੁਝ ਦਵਾਈਆਂ – ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8