ਕੇਜਰੀਵਾਲ ਦੀ ਗੁਜਰਾਤ ਭਾਜਪਾ ਵਰਕਰਾਂ ਨੂੰ ਅਪੀਲ- ਭਾਜਪਾ ਨਾ ਛੱਡੋ, ਉੱਥੇ ਰਹਿ ਕੇ ''ਆਪ'' ਲਈ ਕੰਮ ਕਰੋ
Saturday, Sep 03, 2022 - 03:02 PM (IST)
ਰਾਜਕੋਟ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਗੁਜਰਾਤ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਸੱਤਾਧਾਰੀ ਪਾਰਟੀ ਵਿਚ ਰਹਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਲਈ ਕੰਮ ਕਰਨ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਆਪਣੇ 2 ਦਿਨਾਂ ਗੁਜਰਾਤ ਦੌਰੇ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਰਾਜਕੋਟ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਭਾਜਪਾ ਤੋਂ 'ਭੁਗਤਾਨ' ਲੈਂਦੇ ਰਹਿਣਾ ਚਾਹੀਦਾ ਹੈ ਪਰ 'ਅੰਦਰ ਤੋਂ ਹੀ' 'ਆਪ' ਲਈ ਕੰਮ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ 'ਚ ਸੱਤਾ 'ਚ ਆਉਂਦੀ ਹੈ ਤਾਂ ਭਾਜਪਾ ਵਰਕਰਾਂ ਨੂੰ ਵੀ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ 'ਗਾਰੰਟੀਆਂ' ਦਾ ਲਾਭ ਮਿਲੇਗਾ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ,''ਅਸੀਂ ਭਾਜਪਾ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਨਹੀਂ ਕਰਨਾ ਚਾਹੁੰਦੇ। ਭਾਜਪਾ ਆਪਣੇ ਨੇਤਾਵਾਂ ਨੂੰ ਰੱਖ ਸਕਦੀ ਹੈ। ਭਾਜਪਾ ਦੇ 'ਪੰਨਾ ਪ੍ਰਧਾਨ', ਪਿੰਡਾਂ, ਬੂਥਾਂ ਅਤੇ ਤਾਲੁਕਾਂ ਦੇ ਵਰਕਰ ਵੱਡੀ ਗਿਣਤੀ 'ਚ ਸਾਡੇ ਨਾਲ ਜੁੜ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਸਾਲਾਂ ਬਾਅਦ ਵੀ ਭਾਜਪਾ ਨੇ ਉਨ੍ਹਾਂ ਦੀ ਸੇਵਾ ਦੇ ਬਦਲੇ ਉਨ੍ਹਾਂ ਨੂੰ ਕੀ ਦਿੱਤਾ?''
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਆਪਣੇ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ ਅਤੇ ਗੁਣਵੱਤਾਪੂਰਨ ਸਿੱਖਿਆ, ਸਿਹਤ ਸੰਭਾਲ ਅਤੇ ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਪਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਭਲਾਈ ਦਾ ਧਿਆਨ ਰੱਖੇਗੀ। ਕੇਜਰੀਵਾਲ ਨੇ ਕਿਹਾ,''ਭਾਜਪਾ ਵਰਕਰ ਆਪਣੀ ਪਾਰਟੀ 'ਚ ਰਹਿ ਸਕਦੇ ਹਨ ਪਰ ਉਹ ਆਮ ਆਦਮੀ ਪਾਰਟੀ ਲਈ ਕੰਮ ਕਰ ਸਕਦੇ ਹਨ। ਇਨ੍ਹਾਂ 'ਚੋਂ ਕਈਆਂ ਨੂੰ ਭਾਜਪਾ ਨੇ ਪੈਸੇ ਦਿੱਤੇ ਹਨ, ਇਸ ਲਈ ਉਥੋਂ ਪੈਸੇ ਲਓ ਪਰ ਸਾਡੇ ਲਈ ਕੰਮ ਕਰੋ, ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹਨ।'' 'ਆਪ' ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ,''ਜਦੋਂ ਅਸੀਂ ਗੁਜਰਾਤ 'ਚ ਸਰਕਾਰ ਬਣਾਵਾਂਗੇ ਤਾਂ ਅਸੀਂ ਮੁਫਤ ਬਿਜਲੀ ਦੇਵਾਂਗੇ ਅਤੇ ਇਹ ਭਾਜਪਾ ਵਰਕਰਾਂ ਨੂੰ ਵੀ ਮਿਲੇਗੀ। ਅਸੀਂ ਤੁਹਾਨੂੰ 24 ਘੰਟੇ ਮੁਫਤ ਬਿਜਲੀ ਦੇਵਾਂਗੇ ਅਤੇ ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਬਣਾਵਾਂਗੇ ਜਿੱਥੇ ਉਹ ਮੁਫ਼ਤ ਸਿੱਖਿਆ ਪ੍ਰਾਪਤ ਕਰਨਗੇ। ਅਸੀਂ ਤੁਹਾਡੇ ਪਰਿਵਾਰਕ ਮੈਂਬਰਾਂ ਲਈ ਮੁਫ਼ਤ ਅਤੇ ਗੁਣਵੱਤਾਪੂਰਨ ਇਲਾਜ ਯਕੀਨੀ ਬਣਾਵਾਂਗੇ ਅਤੇ ਤੁਹਾਡੇ ਪਰਿਵਾਰ ਦੀਆਂ ਔਰਤਾਂ ਨੂੰ ਭੱਤੇ ਵਜੋਂ 1,000 ਰੁਪਏ ਪ੍ਰਤੀ ਮਹੀਨਾ ਵੀ ਦੇਵਾਂਗੇ।"
ਭਾਜਪਾ ਵਰਕਰਾਂ ਨੂੰ ਅਪੀਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 27 ਸਾਲ ਦੇ ਸ਼ਾਸਨ ਦੇ ਬਾਵਜੂਦ ਭਾਜਪਾ 'ਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,"ਮੈਂ ਸਾਰੇ ਭਾਜਪਾ ਵਰਕਰਾਂ ਨੂੰ ਉੱਥੇ ਹੀ ਰਹਿਣ ਪਰ 'ਆਪ' ਲਈ ਕੰਮ ਕਰਨ ਲਈ ਕਹਿਣਾ ਚਾਹੁੰਦਾ ਹਾਂ। ਤੁਸੀਂ ਲੋਕ ਸਮਝਦਾਰ ਹੋ, ਅੰਦਰੋਂ ਆਮ ਆਦਮੀ ਪਾਰਟੀ ਲਈ ਕੰਮ ਕਰੋ।" ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਮਨੋਜ ਸੋਰਠੀਆ 'ਤੇ ਹਾਲ ਹੀ 'ਚ ਹੋਏ ਹਮਲੇ ਦਾ ਮੁੱਦਾ ਉਠਾਇਆ ਅਤੇ ਡਰ ਜ਼ਾਹਰ ਕੀਤਾ ਕਿ 'ਆਪ' ਦਾ ਸਮਰਥਨ ਕਰਨ 'ਤੇ ਗੁਜਰਾਤ ਦੇ ਲੋਕਾਂ 'ਤੇ ਹੋਰ ਵੀ ਕਈ ਹਮਲੇ ਹੋਣਗੇ। ਉਨ੍ਹਾਂ ਕਿਹਾ,"ਮਨੋਜ ਸੋਰਠੀਆ 'ਤੇ ਹਮਲਾ ਦਰਸਾਉਂਦਾ ਹੈ ਕਿ ਭਾਜਪਾ ਹਤਾਸ਼ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਉਹ ਹਾਰ ਵੱਲ ਦੇਖ ਰਹੇ ਹਨ।'' ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨਹੀਂ ਹੈ ਅਤੇ ਇਸ ਨੂੰ ਸੱਤਾਧਾਰੀ ਪਾਰਟੀ ਵਲੋਂ ਡਰਾਇਆ ਨਹੀਂ ਜਾ ਸਕਦਾ।