‘ਇੰਡੀਆ’ ਗੱਠਜੋੜ ਨਾਲ ਮਿਲ ਕੇ ਚੋਣਾਂ ਲੜਨੀਆਂ ਚਾਹੁੰਦੇ ਹਨ ਕੇਜਰੀਵਾਲ?

Thursday, Nov 07, 2024 - 05:15 PM (IST)

ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਵੱਲੋਂ ‘ਮਹਾਂ ਵਿਕਾਸ ਆਘਾੜੀ’ (ਐੱਮ. ਵੀ. ਏ.) ਨੂੰ ਬਾਹਰੋਂ ਹਮਾਇਤ ਦੇਣ ਦਾ ਫੈਸਲਾ ਕਰਨ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਨਾਲ ਸਬੰਧ ਮਜ਼ਬੂਤ ​​ਕਰਨ ਦਾ ਸੰਕੇਤ ਦਿੱਤਾ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾ ਸਿਰਫ ਮਹਾਰਾਸ਼ਟਰ ਸਗੋਂ ਆਉਣ ਵਾਲੀਆਂ ਹੋਰ ਸਾਰੀਆਂ ਚੋਣਾਂ ’ਚ ਵੀ ਇਕਜੁੱਟ ਹੋ ਕੇ ਭਾਜਪਾ ਨੂੰ ਟੱਕਰ ਦੇਣੀ ਚਾਹੁੰਦੇ ਹਨ।

ਪਤਾ ਲੱਗਾ ਹੈ ਕਿ ਕੇਜਰੀਵਾਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਸਮੇਤ ‘ਇੰਡੀਅਾ’ ਗਠਜੋੜ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਲੜਨ ਦੇ ਇੱਛੁਕ ਹਨ। ਕਾਂਗਰਸ ਦਾ ਪਿਛਲੇ 10 ਸਾਲਾਂ ਤੋਂ ਸਥਾਨਕ ਚੋਣਾਂ ਵਿਚ ਲਗਭਗ ਸਫਾਇਆ ਹੋ ਗਿਆ ਹੈ। ਕੇਜਰੀਵਾਲ ਦੇ ਮਨ ਦੀ ਤਬਦੀਲੀ ਹਰਿਆਣਾ ’ਚ ਭਾਜਪਾ ਦੀ ਚੜ੍ਹਤ ਕਾਰਨ ਹੋਈ ਹੈ ਜਿੱਥੇ ਉਸ ਨੇ ਪਾਸਾ ਪਲਟ ਦਿੱਤਾ ਤੇ ਚੋਣ ਜਿੱਤ ਲਈ।

ਮਹਾਰਾਸ਼ਟਰ ’ਚ ਭਾਜਪਾ ਜਿੱਤੀ ਤਾਂ ਕੇਜਰੀਵਾਲ ਲਈ ਦਿੱਲੀ ’ਚ ਹਾਲਾਤ ਔਖੇ ਹੋ ਜਾਣਗੇ। ਕੇਜਰੀਵਾਲ ਨੇ ਕਈ ਮਹੀਨੇ ਜੇਲ ’ਚ ਬਿਤਾਏ ਹਨ। ਉਨ੍ਹਾਂ ਦੇ ਕੈਬਨਿਟ ਸਾਥੀ ਸ਼ਰਾਬ ਘਪਲੇ ’ਚ ਸੀਖਾਂ ਪਿੱਛੇ ਰਹੇ।

ਉਨ੍ਹਾਂ ਦੇ ਆਪਣੇ ਰਾਜ ਸਭਾ ਮੈਂਬਰ ਅਸੁਰੱਖਿਅਤ ਹੋ ਗਏ ਹਨ। ਵੰਡੀ ਹੋਈ ਵਿਰੋਧੀ ਧਿਰ ਦਾ ਭਾਜਪਾ ਨੂੰ ਹੀ ਫਾਇਦਾ ਹੋਵੇਗਾ।

ਪਤਾ ਲੱਗਾ ਹੈ ਕਿ ‘ਆਪ’ ਦਿੱਲੀ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਕਾਂਗਰਸ ਨਾਲ ਗੱਠਜੋੜ ਕਰ ਕੇ ਲੜਨਾ ਚਾਹੁੰਦੀ ਹੈ। ਕਾਂਗਰਸ ਨੇ ਵੀ ਸਥਿਤੀ ਨੂੰ ਸਮਝ ਲਿਆ ਹੈ । ਉਸ ਨੇ ਨਾ ਸਿਰਫ ਯੂ.ਪੀ. ਸਗੋਂ ਝਾਰਖੰਡ ਤੇ ਮਹਾਰਾਸ਼ਟਰ ’ਚ ਵੀ ਸਹਿਯੋਗੀਆਂ ਨਾਲ ਸਮਝੌਤੇ ਕੀਤੇ ਹਨ।

ਰਾਹੁਲ ਗਾਂਧੀ ਨੇ ਸੂਬਾਈ ਇਕਾਈਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਹਰ ਕੀਮਤ ’ਤੇ ਘੱਟ ਕੀਤੇ ਜਾਣ।

ਕਾਂਗਰਸ ਦੀ ਪ੍ਰਤੀਕਿਰਿਆ ਅਜੇ ਆਉਣੀ ਬਾਕੀ ਹੈ ਪਰ ਕੇਜਰੀਵਾਲ ਨੇ ਐੱਮ. ਵੀ. ਏ. ਨੂੰ ਬਾਹਰੋਂ ਹਮਾਇਤ ਦੇ ਕੇ ਮਹਾਰਾਸ਼ਟਰ ’ਚ ਆਪਣਾ ਪਹਿਲਾ ਕਦਮ ਵਧਾ ਦਿੱਤਾ ਹੈ।


Rakesh

Content Editor

Related News