ਕੋਲਕਾਤਾ ਡਾਕਟਰ ਰੇਪ ਮਾਮਲਾ ਭਖਿਆ, ਵਿਰੋਧ ਵਜੋਂ ਦੇਸ਼ ਭਰ ਦੇ ਡਾਕਟਰ ਅੱਜ ਹੜਤਾਲ ''ਤੇ ਰਹਿਣਗੇ

Monday, Aug 12, 2024 - 04:43 AM (IST)

ਨੈਸ਼ਨਲ ਡੈਸਕ : ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਜੂਨੀਅਰ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਹੱਤਿਆ ਦੇ ਮਾਮਲੇ ਨੇ ਜ਼ੋਰ ਫੜ ਲਿਆ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਨਿਆਂ ਅਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ ਪੰਜ ਨੁਕਾਤੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੰਮਕਾਜ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ ਹੈ।

ਨਾਲ ਹੀ ਸੋਮਵਾਰ ਤੋਂ ਦਿੱਲੀ ਦੇ ਵੱਡੇ ਸਰਕਾਰੀ ਹਸਪਤਾਲਾਂ ਵਿਚ ਸਾਰੀਆਂ ਗੈਰ-ਐਮਰਜੈਂਸੀ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਾਕਟਰਾਂ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਸਾਰੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਸ ਘਟਨਾ ਦੀ ਤੁਰੰਤ ਅਤੇ ਪਾਰਦਰਸ਼ੀ ਜਾਂਚ ਦੇ ਨਾਲ-ਨਾਲ ਇਸ ਘਟਨਾ ਲਈ ‘ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾ’ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਸ਼ਹਿਰ ਦੇ ਕਈ ਸਰਕਾਰੀ ਹਸਪਤਾਲਾਂ ਨੇ ਐਤਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰਕੇ ਸੋਮਵਾਰ ਸਵੇਰ ਤੋਂ ਬਾਹਰੀ ਰੋਗੀ ਵਿਭਾਗ, ਆਪਰੇਸ਼ਨ ਰੂਮ ਅਤੇ ਵਾਰਡ ਡਿਊਟੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ 'ਚ ਲੱਗੀ ਅੱਗ, 6 ਔਰਤਾਂ ਸਣੇ 14 ਲੋਕ ਹਸਪਤਾਲ 'ਚ ਦਾਖ਼ਲ

ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਡਿਊਟੀ ਦੌਰਾਨ ਵਿਚ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਕੀਤੇ ਜਾਣ ਤੋਂ ਬਾਅਦ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਦੇ ਸੱਦੇ 'ਤੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਦੇ ਸੈਮੀਨਾਰ ਰੂਮ ਵਿਚ ਇਕ ਟ੍ਰੇਨੀ ਡਾਕਟਰ ਦੀ ਲਾਸ਼ ਅਰਧ ਨਗਨ ਹਾਲਤ ਵਿਚ ਮਿਲੀ ਸੀ।

ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਰਾਮ ਮਨੋਹਰ ਲੋਹੀਆ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਵੀਐੱਮਐੱਮਸੀ ਅਤੇ ਸਫਦਰਜੰਗ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ ਅਤੇ ਜੀਟੀਬੀ ਹਸਪਤਾਲ ਦੇ 'ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ' (ਆਰਡੀਏ) ਨੇ ਆਪਣੀਆਂ ਗੈਰ-ਐਮਰਜੈਂਸੀ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਫੋਰਡਾ ਦੇ ਪ੍ਰਧਾਨ ਡਾ. ਅਵੀਰਲ ਮਾਥੁਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣਾ ਮਹੱਤਵਪੂਰਨ ਕੰਮ ਜਾਰੀ ਰੱਖ ਸਕਣ।

ਡਾ. ਮਾਥੁਰ ਨੇ ਕਿਹਾ, “ਜਦੋਂ ਸਾਡੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਅਸੀਂ ਹੁਣ ਚੁੱਪ ਨਹੀਂ ਰਹਿ ਸਕਦੇ। ਹਸਪਤਾਲ ਦੇ ਅਹਾਤੇ ਵਿਚ ਇਕ ਸਾਥੀ ਡਾਕਟਰ ਨਾਲ ਹੋਏ ਭਿਆਨਕ ਜਬਰ-ਜ਼ਿਨਾਹ ਅਤੇ ਕਤਲ ਕਾਰਨ ਸਾਡੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ।'' ਉਨ੍ਹਾਂ ਕਿਹਾ,''ਅਸੀਂ ਸਾਰੇ ਸਿਹਤ ਕਰਮਚਾਰੀਆਂ ਲਈ ਤੁਰੰਤ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਰਹੇ ਹਾਂ। ਮਰੀਜ਼ਾਂ ਦੀ ਦੇਖਭਾਲ ਕਰਨ ਦੀ ਸਾਡੀ ਯੋਗਤਾ ਸਾਡੀ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਨਿਰਭਰ ਕਰਦੀ ਹੈ।'' ਡਾ. ਮਾਥੁਰ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਹੋਰ ਡਾਕਟਰਾਂ ਦੀਆਂ ਯੂਨੀਅਨਾਂ ਦੇ ਤਾਲਮੇਲ ਨਾਲ ਬੁਲਾਈ ਗਈ ਅਣਮਿੱਥੇ ਸਮੇਂ ਲਈ ਹੜਤਾਲ ਅੱਜ ਸਵੇਰੇ ਸ਼ੁਰੂ ਹੋਵੇਗੀ।

ਡਾਕਟਰਾਂ ਨੇ ਕੇਰਲ 'ਚ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ 
ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ਵਿਚ ਪੋਸਟ ਗ੍ਰੈਜੂਏਟ ਵਿਦਿਆਰਥੀ ਅਤੇ ਟ੍ਰੇਨੀ ਡਾਕਟਰ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੀ ਘਟਨਾ ਦੇ ਖਿਲਾਫ ਕੇਰਲ ਦੇ ਡਾਕਟਰ, ਪੋਸਟ ਗ੍ਰੈਜੂਏਟ ਡਾਕਟਰ ਅਤੇ ਮੈਡੀਕਲ ਅਧਿਆਪਕ ਸੋਮਵਾਰ ਨੂੰ ਰਾਜ ਭਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਪ੍ਰਦਰਸ਼ਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


Sandeep Kumar

Content Editor

Related News