ਡਾਕਟਰ ਜੋੜੇ ’ਤੇ 1.27 ਕਰੋੜ ਰੁਪਏ ਦੀ ਧੋਖਾਦੇਹੀ ਦਾ ਦੋਸ਼
Sunday, Aug 04, 2024 - 09:51 PM (IST)
ਠਾਣੇ, (ਭਾਸ਼ਾ)- ਨਵੀ ਮੁੰਬਈ ਦੇ ਇਕ ਡਾਕਟਰ ਜੋੜੇ ’ਤੇ ਇਕ ਦਵਾਈ ਡੀਲਰ ਨਾਲ 1 ਕਰੋੜ 27 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਐੱਨ. ਆਰ. ਆਈ. ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਡਾਕਟਰ ਧਵਲ ਖਾਨਿਆਲਾਲ ਡੇਰਾਸ੍ਰੀ ਤੇ ਉਨ੍ਹਾਂ ਦੀ ਪਤਨੀ ਡਾਕਟਰ ਲਤਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਵੀ ਮੁੰਬਈ ਦੇ ਸੀਵੁੱਡਜ਼ ਇਲਾਕੇ ’ਚ ਹਸਪਤਾਲ ਚਲਾਉਣ ਵਾਲੇ ਡਾਕਟਰ ਜੋੜੇ ਨੇ ਅਾਪਣੇ ਹਸਪਤਾਲ ’ਚ ਮੈਡੀਕਲ ਸਟੋਰ ਖੋਲ੍ਹਣ ਦੇ ਨਾਂ ’ਤੇ 2013 ’ਚ ਉਸ ਤੋਂ 49 ਲੱਖ ਰੁਪਏ ਲਏ ਸਨ।
ਜੋੜੇ ਨੇ ਸ਼ਿਕਾਇਤਕਰਤਾ ਤੋਂ 48 ਲੱਖ ਰੁਪਏ ਦੀਆਂ ਦਵਾਈਆਂ ਵੀ ਖਰੀਦੀਆਂ ਸਨ ਪਰ ਉਨ੍ਹਾਂ ਦਾ ਭੁਗਤਾਨ ਨਹੀਂ ਕੀਤਾ। ਪਤੀ-ਪਤਨੀ ਨੇ ਦੁਕਾਨਦਾਰ ਤੋਂ ਕਥਿਤ ਤੌਰ ’ਤੇ 30 ਲੱਖ ਰੁਪਏ ਉਧਾਰ ਵੀ ਲਏ ਜੋ ਵਾਪਸ ਨਹੀਂ ਕੀਤੇ।