ਜਜ਼ਬੇ ਨੂੰ ਸਲਾਮ : 60 ਸਾਲਾਂ ਤੋਂ ਨੰਗੇ ਪੈਰੀਂ ਸਾਈਕਲ ਚਲਾ ਗ਼ਰੀਬਾਂ ਦੇ ਘਰਾਂ 'ਚ ਜਾ ਕੇ ਇਲਾਜ ਕਰਦੈ ਇਹ ਡਾਕਟਰ
Friday, Oct 23, 2020 - 02:20 PM (IST)
ਮਹਾਰਾਸ਼ਟਰ- ਕੋਰੋਨਾ ਵਾਇਰਸ ਮਹਾਮਾਰੀ ਨੇ ਲੋਕਾਂ ਦੇ ਮਨ 'ਚ ਇਕ ਡਰ ਪੈਦਾ ਕਰ ਦਿੱਤਾ ਹੈ। ਹਾਲਾਂਕਿ ਹੁਣ ਹੌਲੀ-ਹੌਲੀ ਹਾਲਤ ਸੁਧਰ ਰਹੇ ਹਨ ਪਰ ਹੁਣ ਵੀ ਲੋਕ ਆਪਣੇ ਘਰਾਂ 'ਚੋਂ ਉਦੋਂ ਬਾਹਰ ਨਿਕਲਦੇ ਹਨ, ਜਦੋਂ ਕੋਈ ਜ਼ਰੂਰੀ ਕੰਮ ਹੋਵੇ। ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਡਾਕਟਰ ਤਾਂ ਹੁਣ ਵੀ ਮਰੀਜ਼ਾਂ ਨੂੰ ਦੇਖਣ ਤੋਂ ਝਿਜਕ ਰਹੇ ਹਨ। ਅਜਿਹ 'ਚ ਮਹਾਰਾਸ਼ਟਰ ਦੇ ਇਕ ਬਜ਼ੁਰਗ ਡਾਕਟਰ ਗਰੀਬਾਂ ਦੀ ਮਦਦ ਲਈ ਨੇਕ ਕੰਮ ਕਰ ਰਹੇ ਹਨ। ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਬਜ਼ੁਰਗ ਡਾਕਟਰ ਦੀ ਉਮਰ 87 ਸਾਲ ਹੈ ਅਤੇ ਇਹ ਹੋਮਿਓਪੈਥਿਕ ਡਾਕਟਰ ਹਨ। ਜਦੋਂ ਤੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
ਇਸ ਤੋਂ ਵੀ ਵੱਡੀ ਗੱਲ ਹੈ ਕਿ 87 ਸਾਲ ਦੀ ਉਮਰ 'ਚ ਵੀ ਇਹ ਡਾਕਟਰ ਹਰ ਰੋਜ਼ ਨੰਗੇ ਪੈਰ 10 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ ਜਾਂਦੇ ਹਨ ਅਤੇ ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦਾ ਇਲਾਜ ਕਰਦੇ ਹਨ। ਦੱਸਣਯੋਗ ਹੈ ਕਿ ਪਿਛਲੇ 60 ਸਾਲਾਂ ਤੋਂ ਉਹ ਹਰ ਰੋਜ਼ ਇਸੇ ਤਰ੍ਹਾਂ ਸਾਈਕਲ 'ਤੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਡਾਕਟਰ ਰਾਮਚੰਦਰ ਦਾਨੇਕਰ ਦਾ ਕਹਿਣਾ ਹੈ ਕਿ ਮੈਂ ਲਗਭਗ ਹਰ ਰੋਜ਼ ਪਿੰਡ ਦਾ ਦੌਰਾ ਕਰ ਰਿਹਾ ਹਾਂ। ਕੋਵਿਡ-19 ਦੇ ਡਰ ਕਾਰਨ ਡਾਕਟਰ ਗਰੀਬ ਮਰੀਜ਼ਾਂ ਦਾ ਇਲਾਜ ਕਰਨ ਤੋਂ ਡਰਦੇ ਹਨ ਪਰ ਮੈਨੂੰ ਇਸ ਤੋਂ ਕੋਈ ਡਰ ਨਹੀਂ ਹੈ। ਅੱਜ-ਕੱਲ ਦੇ ਨੌਜਵਾਨ ਡਾਕਟਰ ਸਿਰਫ਼ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਗਰੀਬਾਂ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਹਨ। ਉੱਥੇ ਹੀ ਟਵਿੱਟਰ 'ਤੇ ਲੋਕਾਂ ਨੇ ਆਪਣੀ ਰਾਏ ਵੀ ਰੱਖੀ। ਯੂਜ਼ਰਸ ਨੇ ਲਿਖਿਆ ਕਿ ਅਜਿਹੇ ਲੋਕਾਂ ਦਾ ਹੌਂਸਲਾ ਵਧਾਓ। ਉਨ੍ਹਾਂ ਦੀ ਮਦਦ ਕਰੋ।