ਬਿਹਾਰ ’ਚ ਡਾਕਟਰ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
Saturday, Sep 06, 2025 - 08:57 PM (IST)

ਮੁਜ਼ੱਫਰਪੁਰ (ਭਾਸ਼ਾ)-ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਵਿਚ ਇਕ ਡਾਕਟਰ ਨੇ ਪੋਸਟ ਗ੍ਰੈਜੂਏਟ (ਪੀ. ਜੀ.) ਮੈਡੀਕਲ ਜਾਂਚ ਵਿਚ ਫੇਲ ਹੋਣ ਤੋਂ ਬਾਅਦ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ, ਇਹ ਘਟਨਾ ਕਾਜ਼ੀ ਮੁਹੰਮਦਪੁਰ ਥਾਣਾ ਖੇਤਰ ਦੇ ਅਧੀਨ ਜੈਤਪੁਰ ਸਟੇਟ ਕਾਲੋਨੀ ਵਿਚ ਵਾਪਰੀ। ਪੁਲਸ ਨੇ ਦੱਸਿਆ ਕਿ ਡਾਕਟਰ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।਼
ਮੁਜ਼ੱਫਰਪੁਰ (ਸ਼ਹਿਰ) ਦੇ ਸਹਾਇਕ ਪੁਲਸ ਸੁਪਰਡੈਂਟ (ਏ. ਐੱਸ. ਪੀ.) ਸੁਰੇਸ਼ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਡਾ. ਆਸ਼ੂਤੋਸ਼ ਚੰਦਰਾ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਡਾ. ਚੰਦਰਾ ਹਾਲ ਹੀ ਵਿਚ ਐਲਾਨ ਹੋਈ ਪੋਸਟ ਗ੍ਰੈਜੂਏਟ ਪ੍ਰਵੇਸ਼ ਪ੍ਰੀਖਿਆ ਨਤੀਜਿਆਂ ਵਿਚ ਅਸਫਲ ਰਹਿਣ ਕਾਰਨ ਤਣਾਅ ਵਿਚ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੁਜੱਫਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ।