ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ
Friday, May 28, 2021 - 03:03 PM (IST)
ਗੈਜੇਟ ਡੈਸਕ– ਕੇਂਦਰ ਸਰਕਾਰ ਕੋਰੋਨਾ ਵੈਕਸੀਨੇਸ਼ਨ ’ਤੇ ਕਾਫ਼ੀ ਜ਼ੋਰ ਦੇ ਰਹੀ ਹੈ ਪਰ ਵੈਕਸੀਨ ਦੀ ਘਾਟ ਕਾਰਨ ਕਈ ਸੂਬਿਆਂ ਨੇ 18 ਤੋਂ 45 ਸਾਲ ਦੀ ਉਮਰ ਵਾਲੇ ਲੋਕਾਂ ਲਈ ਵੈਕਸੀਨੇਸ਼ਨ ਬੰਦ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਅਸੀਂ ਕਈ ਤਰ੍ਹਾਂ ਦੇ ਪੋਸਟ ਸ਼ੇਅਰ ਕਰਦੇ ਹਾਂ ਜਿਨ੍ਹਾਂ ’ਚ ਖੁਸ਼ੀ ਤੋਂ ਲੈ ਕੇ ਗੰਮ ਤਕ ਦੇ ਪੋਸਟ ਸ਼ਾਮਲ ਹੁੰਦੇ ਹਨ। ਅਸੀਂ ਜ਼ਰਾ ਵੀ ਨਹੀਂ ਸੋਚਦੇ ਕਿ ਜਿਨ੍ਹਾਂ ਜਾਣਕਾਰੀਆਂ ਨੂੰ ਅਸੀਂ ਸੋਸ਼ਲ ਮੀਡੀਆ ’ਤੇ ਅੱਖਾਂ ਬੰਦ ਕਰਕੇ ਸ਼ੇਅਰ ਕਰ ਰਹੇ ਹਾਂ ਉਨ੍ਹਾਂ ਦਾ ਕਿਸ ਤਰ੍ਹਾਂ ਗਲਤ ਇਸਤੇਮਾਲ ਹੋ ਸਕਦਾ ਹੈ। ਹੁਣ ਸੋਸ਼ਲ ਮੀਡੀਆ ’ਤੇ ਹਰ ਕੋਈ ਵੈਕਸੀਨ ਲਗਵਾਉਣ ਤੋਂ ਬਾਅਦ ਵੈਕਸੀਨ ਦਾ ਸਰਟੀਫਿਕੇਟ ਸ਼ੇਅਰ ਕਰ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਸਰਕਾਰ ਨੇ ਵੀ ਇਸ ਸੰਬੰਧ ’ਚ ਚਿਤਾਵਨੀ ਜਾਰੀ ਕੀਤੀ ਹੈ।
Beware of sharing #vaccination certificate on social media: pic.twitter.com/Tt9vJZj2YK
— Cyber Dost (@Cyberdost) May 25, 2021
ਸੋਸ਼ਲ ਮੀਡੀਆ ’ਤੇ ਕਿਉਂ ਸ਼ੇਅਰ ਨਹੀਂ ਕਰਨੀ ਚਾਹੀਦੀ ਵੈਕਸੀਨ ਸਰਟੀਫਿਕੇਟ ਦੀ ਫੋਟੋ
ਗ੍ਰਹਿ ਮੰਤਰਾਲਾ ਅਧੀਨ ਕੰਮ ਕਰਨ ਵਾਲੀ ਸੰਸਥਾ ਸਾਈਬਰ ਦੋਸਤ ਨੇ ਟਵੀਟ ਕਰਕੇ ਲੋਕਾਂ ਨੂੰ ਇਸ ਬਾਰੇ ਚਿਤਾਵਨੀ ਦਿੱਤੀ ਹੈ। ਸਾਈਬਰ ਦੋਸਤ ਨੇ ਟਵੀਟ ਕਰਕੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਸਰਟੀਫਿਕੇਟ ’ਚ ਨਾਂ, ਉਮਰ, ਲਿੰਗ ਅਤੇ ਅਗਲੀ ਡੋਜ਼ ਦੀ ਤਾਰੀਖ਼ ਸਮੇਤ ਕਈ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਜਾਣਕਾਰੀਆਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਤੁਹਾਡੀਆਂ ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਸਾਈਬਰ ਠੱਗ ਤੁਹਾਡੇ ਨਾਲ ਧੋਖਾਧੜੀ ਕਰ ਸਕਦੇ ਹਨ। ਇਸ ਲਈ ਵੈਕਸੀਨ ਸਰਟੀਫਿਕੇਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਕਰੋ।