ਵਸੁੰਧਰਾ ਰਾਜੇ ਸੀਨੀਅਰ ਹਨ, ਮੁੱਖ ਮੰਤਰੀ ਦਾ ਫ਼ੈਸਲਾ ਲੀਡਰਸ਼ਿਪ ਕਰੇਗੀ : ਦੀਆ ਕੁਮਾਰੀ
Tuesday, Oct 31, 2023 - 12:43 PM (IST)
ਜੈਪੁਰ ਸ਼ਾਹੀ ਪਰਿਵਾਰ ਦੀ ਸਾਬਕਾ ਮੈਂਬਰ ਦੀਆ ਕੁਮਾਰੀ ਇਨ੍ਹੀਂ ਦਿਨੀਂ ਰਾਜਸਥਾਨ ਦੀ ਰਾਜਨੀਤੀ ’ਚ ਸੁਰਖ਼ੀਆਂ ’ਚ ਹੈ। ਰਾਜਸਥਾਨ ਭਾਜਪਾ ’ਚ ਲੀਡਰਸ਼ਿਪ ਦੀ ਨਵੀਂ ਉਡਾਣ ਦੀ ਕਹਾਣੀ ਲਿਖੀ ਜਾ ਰਹੀ ਹੈ, ਜਿਸ ’ਚ ਦੀਆ ਕੁਮਾਰੀ ਦਾ ਨਾਂ ਵੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਵੀ ਚਰਚਾ ਚੱਲ ਰਹੀ ਹੈ। ਉਹ ਜੈਪੁਰ ਦੇ ਰਾਜ ਮਹਿਲ ’ਚੋਂ ਨਿਕਲੀ ਤੇ ਸਵਾਈ ਮਾਧੋਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਫਿਰ ਰਾਜਸਮੰਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੀ। ਹੁਣ ਭਾਜਪਾ ਨੇ ਉਨ੍ਹਾਂ ਨੂੰ ਜੈਪੁਰ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੂੰ ਜੈਪੁਰ ਦੇ ਵਿਦਿਆਧਰ ਨਗਰ ਤੋਂ ਟਿਕਟ ਦੇਣ ਲਈ ਭਾਜਪਾ ਨੇ ਚਿਤੌੜ ਤੋਂ ਸੀਨੀਅਰ ਨੇਤਾ ਨਰਪਤ ਸਿੰਘ ਰਾਜਵੀ ਨੂੰ ਟਿਕਟ ਦਿੱਤੀ, ਜੋ ਉਥੋਂ ਚੋਣ ਲੜੇ ਸਨ। ਦੀਆ ਕੁਮਾਰੀ ਨੇ ਪੰਜਾਬ ਕੇਸਰੀ ਟੀ. ਵੀ. ਦੇ ਵਿਸ਼ਾਲ ਸੂਰਿਆਕਾਂਤ ਨਾਲ ਇਕ ਵਿਸ਼ੇਸ਼ ਇੰਟਰਵਿਊ ’ਚ ਰਾਜਸਥਾਨ ਦੀ ਰਾਜਨੀਤੀ, ਵਿਕਾਸ ਆਦਿ ਵਿਸ਼ਿਆਂ ’ਤੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ– ਜੈਪੁਰ ਦਾ ਮੌਸਮ ਸੁਹਾਵਣਾ ਹੈ ਪਰ ਵਿਦਿਆਧਰ ਨਗਰ ਦਾ ਸਿਆਸੀ ਮਾਹੌਲ ਕੀ ਕਹਿ ਰਿਹੈ?
ਜਵਾਬ– ਮੈਂ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਲਈ ਵਿਦਿਆਧਰ ਨਗਰ ਆਈ ਹਾਂ। ਸਿਆਸੀ ਮਾਹੌਲ ਅਜਿਹਾ ਸੀ ਕਿ ਲੋਕ ਚਿੰਤਤ ਸਨ। ਇਥੇ ਸਾਡੀ ਪਾਰਟੀ ਦੇ ਵਿਧਾਇਕ ਸਨ ਪਰ ਸਰਕਾਰ ਕਾਂਗਰਸ ਦੀ ਸੀ, ਕੰਮ ਨਹੀਂ ਹੋ ਸਕੇ। ਇਥੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ। ਕਾਂਗਰਸ ਸਰਕਾਰ ’ਚ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ। ਪੀ. ਐੱਮ. ਮੋਦੀ ਨੇ ਛੋਟੇ ਉਦਯੋਗਾਂ ਲਈ ਬਹੁਤ ਕੁਝ ਦਿੱਤਾ, ਕਈ ਯੋਜਨਾਵਾਂ ਦਿੱਤੀਆਂ ਪਰ ਰਾਜਸਥਾਨ ਸਰਕਾਰ ਨੇ ਇਨ੍ਹਾਂ ਨੂੰ ਨਹੀਂ ਅਪਣਾਇਆ। ਰਾਜਸਥਾਨ ਦੇ ਲੋਕਾਂ ਤੱਕ ਰਾਹਤ ਨਹੀਂ ਪਹੁੰਚੀ। ਲੋਕਾਂ ’ਚ ਕਾਫੀ ਰੋਸ ਹੈ।
ਸਵਾਲ– ਜਿਸ ਖ਼ੇਤਰ ਤੋਂ ਤੁਸੀਂ ਉਮੀਦਵਾਰ ਹੋ, ਉਹ ਨਰਪਤ ਸਿੰਘ ਰਾਜਵੀ, ਜੋ ਭੈਰੋਂ ਸਿੰਘ ਸ਼ੇਖਾਵਤ ਦੇ ਜਵਾਈ ਹਨ, ਉਨ੍ਹਾਂ ਦਾ ਖ਼ੇਤਰ ਰਿਹਾ ਹੈ। ਉਨ੍ਹਾਂ ਦੀ ਥਾਂ ’ਤੇ ਤੁਹਾਨੂੰ ਟਿਕਟ ਦਿੱਤੀ ਗਈ। ਹੁਣ ਵੀ ਉਨ੍ਹਾਂ ਦੇ ਅੰਦਰ ਦਰਦ ਹੈ, ਇਥੋਂ ਟਿਕਟ ਕੱਟਣ ਦਾ, ਤੁਹਾਡੀ ਗੱਲ ਹੋੋਈ?
ਜਵਾਬ– ਨਰਪਤ ਸਿੰਘ ਰਾਜਵੀ ਸਾਹਿਬ ਸਾਡੇ ਬਜ਼ੁਰਗ ਹਨ, ਉਹ ਸਾਡੇ ਭਾਜਪਾ ਪਰਿਵਾਰ ’ਚੋਂ ਹਨ। ਮੈਂ ਉਨ੍ਹਾਂ ਨਾਲ ਗੱਲ ਕੀਤੀ ਹੈ। ਹਾਲ ਹੀ ’ਚ ਉਨ੍ਹਾਂ ਨੇ ਮੈਨੂੰ ਭੈਰੋਂ ਸਿੰਘ ਦੀ ਜਯੰਤੀ ’ਤੇ ਸ਼ਰਧਾਂਜਲੀ ਪ੍ਰੋਗਰਾਮ ’ਚ ਬੁਲਾਇਆ ਸੀ। ਮੈਂ ਉਥੇ ਗਈ ਤੇ ਸਾਡੀ ਗੱਲ ਹੋਈ। ਪਾਰਟੀ ਦਾ ਹੁਕਮ ਮੇਰੇ ਲਈ ਵੀ ਸੀ ਤੇ ਉਨ੍ਹਾਂ ਲਈ ਵੀ। ਮੈਂ ਇਥੇ ਆਈ ਹਾਂ, ਪਾਰਟੀ ਨੇ ਉਨ੍ਹਾਂ ਨੂੰ ਚਿਤੌੜ ਤੋਂ ਟਿਕਟ ਦਿੱਤੀ ਹੈ। ਸਭ ਕੁਝ ਠੀਕ ਹੈ, ਉਹ ਇਥੇ ਪ੍ਰਚਾਰ ਕਰਨ ਲਈ ਵੀ ਆਉਣਗੇ।
ਸਵਾਲ– ਰਾਜਸਥਾਨ ਦੀ ਰਾਜਨੀਤੀ ’ਚ ਖ਼ਾਸ ਕਰਕੇ ਪਾਰਟੀ ’ਚ ਤੁਹਾਡੇ ਵਧਦੇ ਕੱਦ ਦੀ ਚਰਚਾ ਹੈ। ਤੁਸੀਂ ਮੁੱਖ ਮੰਤਰੀ ਵਜੋਂ ਪਾਰਟੀ ਦਾ ਚਿਹਰਾ ਬਣ ਰਹੇ ਹੋ।
ਜਵਾਬ– ਇਹ ਸਭ ਮੀਡੀਆ ’ਚ ਹੀ ਹੈ। ਅਸਲ ’ਚ ਅਜਿਹੀ ਕੋਈ ਗੱਲ ਨਹੀਂ ਹੈ। ਅਜਿਹੇ ਫ਼ੈਸਲੇ ਸਾਡੇ ਸੰਸਦੀ ਬੋਰਡ ਵਲੋਂ ਲਏ ਜਾਂਦੇ ਹਨ। ਸਿਖਰਲੀ ਲੀਡਰਸ਼ਿਪ ਫ਼ੈਸਲਾ ਕਰਦੀ ਹੈ। ਮੈਂ ਹੁਣ ਇਸ ਬਾਰੇ ਸੋਚਦੀ ਵੀ ਨਹੀਂ। ਮੇਰਾ ਧਿਆਨ ਇਸ ਵਿਧਾਨ ਸਭਾ ਸੀਟ ਨੂੰ ਚੰਗੀਆਂ ਵੋਟਾਂ ਨਾਲ ਜਿੱਤਣ ’ਤੇ ਹੈ। ਮੈਂ ਇਥੇ ਲੋਕਾਂ ਨਾਲ ਵੱਧ ਤੋਂ ਵੱਧ ਸੰਪਰਕ ਵਧਾਉਣ ਲਈ ਕੰਮ ਕਰਨਾ ਹੈ। ਸਵਾਈ ਮਾਧੋਪੁਰ ਤੇ ਰਾਜਸਮੰਦ ਦੋ ਵੱਖਰੇ ਖ਼ੇਤਰ ਸਨ। ਉਥੇ ਮੇਰੇ ਲਈ ਚੰਗਾ ਤਜਰਬਾ ਸੀ। ਪਾਰਟੀ ਨੇ ਜੈਪੁਰ ਦੀ ਧੀ ਨੂੰ ਸਵਾਈ ਮਾਧੋਪੁਰ, ਰਾਜਸਮੰਦ ਭੇਜਿਆ, ਉਥੇ ਚੋਣ ਜਿੱਤੀ, ਹੁਣ ਮੈਂ ਜੈਪੁਰ ਆਈ ਹਾਂ। ਮੈਂ ਆਪਣੀ ਜਿੱਤ ਦਾ ਸਿਹਰਾ ਹਮੇਸ਼ਾ ਵਰਕਰਾਂ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਦਿੱਤਾ ਹੈ।
ਸਵਾਲ– ਦਾਅਵੇਦਾਰੀ ਦੀ ਗੱਲ ਮੀਡੀਆ ਇਸ ਲਈ ਕਰ ਰਿਹੈ ਕਿਉਂਕਿ ਇਸ ਤੋਂ ਸਾਫ਼ ਜਾਪਦਾ ਹੈ ਕਿ ਤੁਹਾਨੂੰ ਹਾਈ ਕਮਾਂਡ ਦਾ ਪੂਰਾ ਆਸ਼ੀਰਵਾਦ ਹਾਸਲ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਲਗਾਤਾਰ ਤੁਹਾਡੀ ਚੋਣ ’ਚ ਆਏ ਹਨ।
ਜਵਾਬ– ਇਹ ਸੱਚ ਹੈ ਕਿ ਮੈਂ ਸੀਨੀਅਰ ਆਗੂਆਂ ਦੇ ਆਸ਼ੀਰਵਾਦ ਤੋਂ ਬਿਨਾਂ ਇਥੇ ਨਹੀਂ ਪਹੁੰਚੀ। ਮੈਨੂੰ ਜਤਿੰਦਰ ਸਿੰਘ ਤੋਂ ਅਸ਼ੀਰਵਾਦ ਮਿਲਦਾ ਰਿਹਾ ਹੈ। ਜਤਿੰਦਰ ਸਿੰਘ ਜੈਪੁਰ ਦੇ ਇੰਚਾਰਜ ਹਨ। ਜਦੋਂ ਉਹ ਜੈਪੁਰ ਆਏ ਤਾਂ ਝੋਟਵਾੜਾ ਤੇ ਸੰਗਨੇਰ ਵੀ ਗਏ ਕਿਉਂਕਿ ਮੇਰੀ ਟਿਕਟ ਬਹੁਤ ਪਹਿਲਾਂ ਐਲਾਨੀ ਗਈ ਸੀ ਤੇ ਉਹ ਦੋ ਵਾਰ ਆਏ ਸਨ।
ਸਵਾਲ– ਟਿਕਟਾਂ ਦੀ ਵੰਡ ਕਾਰਨ ਭਾਜਪਾ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ‘ਆਪ’ ਦੇ ਸੰਸਦੀ ਹਲਕੇ ਰਾਜਸਮੰਦ ’ਚ ਵੀ ਵੱਡਾ ਵਿਰੋਧ ਹੋ ਰਿਹਾ ਹੈ।
ਜਵਾਬ– ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਹਰ ਕੋਈ ਭਾਜਪਾ ਤੋਂ ਟਿਕਟ ਲੈਣਾ ਚਾਹੁੰਦਾ ਹੈ। ਮੇਰੇ ਖ਼ਿਆਲ ’ਚ ਇਨ੍ਹਾਂ ਘਟਨਾਵਾਂ ਦਾ ਇਹੀ ਮਤਲਬ ਹੈ। ਜ਼ਮੀਨੀ ਰਿਪੋਰਟ ਵੀ ਇਹੀ ਕਹਿ ਰਹੀ ਹੈ। ਅਜਿਹਾ ਹਰ ਚੋਣ ਤੇ ਸਾਰੀਆਂ ਪਾਰਟੀਆਂ ’ਚ ਹੁੰਦਾ ਹੈ। ਸਾਡੀ ਪਾਰਟੀ ਇੰਨਾ ਵੱਡਾ ਪਰਿਵਾਰ ਹੈ, ਕੁਝ ਨਾ ਕੁਝ ਹੋਵੇਗਾ ਪਰ ਮੈਨੂੰ ਭਰੋਸਾ ਹੈ ਕਿ ਸਹੀ ਸਮੇਂ ’ਤੇ ਸਭ ਕੁਝ ਠੀਕ ਹੋ ਜਾਵੇਗਾ। ਇਸ ’ਚ ਕੁਝ ਸਮਾਂ ਲੱਗਦਾ ਹੈ।
ਸਵਾਲ– ਰਾਜਸਥਾਨ ’ਚ ਤੁਹਾਡੇ ਬਾਰੇ ਚਰਚਾ ਹੈ। ਤੁਹਾਡੀ ਤੁਲਨਾ ਵਸੁੰਧਰਾ ਰਾਜੇ ਨਾਲ ਕੀਤੀ ਜਾ ਰਹੀ ਹੈ, ਕੀ ਤੁਸੀਂ ਵੀ ਜਾਣਦੇ ਹੋ?
ਜਵਾਬ– ਵਸੁੰਧਰਾ ਰਾਜੇ ਸਾਡੀ ਪਾਰਟੀ ਦੀ ਸੀਨੀਅਰ ਨੇਤਾ ਹੈ। ਉਹ ਮੇਰੇ ਤੋਂ ਬਹੁਤ ਸੀਨੀਅਰ ਹਨ। ਸਾਡੀ ਕੋਈ ਤੁਲਨਾ ਨਹੀਂ ਹੈ। ਇਹ ਚਰਚਾਵਾਂ ਸ਼ਾਇਦ ਇਸ ਲਈ ਹੁੰਦੀਆਂ ਹਨ ਕਿਉਂਕਿ ਸਾਡਾ ਪਿਛੋਕੜ ਇਕੋ ਜਿਹਾ ਹੈ। ਬਾਕੀ ਕੋਈ ਗੱਲ ਨਹੀਂ, ਲੋਕਾਂ ਨੂੰ ਕੁਝ ਨਾ ਕੁਝ ਚਾਹੀਦਾ ਹੁੰਦਾ ਹੈ।
ਸਵਾਲ– ਕਾਂਗਰਸ ਸਰਕਾਰ ਗਾਰੰਟੀਆਂ ਦੀ ਰਾਜਨੀਤੀ ਲੈ ਕੇ ਆਈ ਹੈ। ਤੁਹਾਡੇ ਕੋਲ ਇਸ ਦਾ ਕੀ ਹੱਲ ਹੈ?
ਜਵਾਬ– ਹੁਣ ਚੋਣਾਂ ’ਚ ਗਾਰੰਟੀ ਦੇਣ ਦਾ ਕੋਈ ਫ਼ਾਇਦਾ ਨਹੀਂ। ਕਾਂਗਰਸ ਸਰਕਾਰ ਕੋਲ ਪੂਰੇ ਪੰਜ ਸਾਲ ਦਾ ਸਮਾਂ ਸੀ। ਉਹ ਪਿਛਲੇ ਛੇ ਮਹੀਨਿਆਂ ’ਚ ਐਲਾਨ ਹੀ ਕਰ ਰਹੇ ਹਨ। ਜੇਕਰ ਸਕੀਮਾਂ ਪਹਿਲਾਂ ਲਿਆਂਦੀਆਂ ਜਾਂਦੀਆਂ ਤਾਂ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਸੀ। ਇਹ ਲੋਕ ਰਾਜਸਥਾਨ ਨੂੰ ਕਰਜ਼ੇ ’ਚ ਡੁਬੋ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਨ੍ਹਾਂ ਨੇ ਸਿਰਫ਼ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇਗਾ।
ਸਵਾਲ– ਵਿਦਿਆਧਰ ਨਗਰ ਨਾਲ ਤੁਹਾਡੀ ਨਵੀਂ ਸਾਂਝ ਹੈ। ਤੁਸੀਂ ਕਿਹੜੇ ਮੁੱਦਿਆਂ ’ਤੇ ਜਨਤਾ ਵਿਚਕਾਰ ਜਾ ਰਹੇ ਹੋ?
ਜਵਾਬ– ਮੇਰੇ ਕੋਲ ਇਸ ਖ਼ੇਤਰ ਲਈ ਇਕ ਵਿਜ਼ਨ ਹੈ। ਪਹਿਲਾਂ ਅਸੀਂ ਸੜਕਾਂ ਦੀ ਮੁਰੰਮਤ ਕਰਵਾਵਾਂਗੇ। ਇਥੇ ਬੁਨਿਆਦੀ ਸਮੱਸਿਆਵਾਂ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਹੈ। ਕਾਂਗਰਸ ਦਾ ਵਿਧਾਇਕ ਹੋਣ ਕਾਰਨ ਝੋਟਵਾੜਾ ਤਾਂ ਕਨੈਕਟ ਹੋ ਗਿਆ ਪਰ ਵਿਦਿਆਧਰ ਨਗਰ ਨਹੀਂ ਕਨੈਕਟ ਹੋ ਸਕਿਆ। ਇਥੇ ਭਾਜਪਾ ਦੇ ਵਿਧਾਇਕ ਸਨ, ਇਸੇ ਕਰਕੇ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਵਿਕਾਸ ਨਾਲ ਸਬੰਧਤ ਫਾਈਲਾਂ ਰੋਕ ਦਿੱਤੀਆਂ ਗਈਆਂ। ਹਸਪਤਾਲ, ਗਰਲਜ਼ ਕਾਲਜ, ਪਾਣੀ ਭਰਨਾ ਆਦਿ ਸਮੱਸਿਆਵਾਂ ਹਨ। ਇਨ੍ਹਾਂ ਨੂੰ ਦੂਰ ਕਰਨਾ ਪਵੇਗਾ। ਮੈਂ ਹੈਰਾਨ ਹਾਂ ਕਿ ਜੈਪੁਰ ’ਚ ਜੇ. ਡੀ. ਏ., ਨਗਰ ਨਿਗਮ ਵਰਗੀਆਂ ਸੰਸਥਾਵਾਂ ਹਨ ਪਰ ਇਥੇ ਕੋਈ ਵਿਕਾਸ ਨਹੀਂ ਹੋਇਆ। ਮੇਰੀ ਇੱਛਾ ਹੈ ਕਿ ਔਰਤਾਂ ਸਵੈ-ਰੋਜ਼ਗਾਰ ’ਚ ਸ਼ਾਮਲ ਹੋਣ। ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਵਿਕਾਸ ਨਾਲ ਜੋੜਨਾ ਪਵੇਗਾ।
ਰਾਜਸਥਾਨ ਦੀ ਸਿਆਸਤ ’ਚ ‘ਦੀਆ’ ਦੀ ਨਵੀਂ ਰੌਸ਼ਨੀ
ਦੀਆ ਕੁਮਾਰੀ ਹੁਣ ਤੀਜੀ ਪੀੜ੍ਹੀ ਵਜੋਂ ਜੈਪੁਰ ਸ਼ਾਹੀ ਪਰਿਵਾਰ ਤੋਂ ਰਾਜਨੀਤੀ ਦੀ ਪ੍ਰੰਪਰਾ ਨੂੰ ਅੱਗੇ ਵਧਾ ਰਹੀ ਹੈ। 2013 ’ਚ ਦੀਆ ਕੁਮਾਰੀ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ। ਉਹ 2013 ਤੋਂ 2018 ਤੱਕ ਸਵਾਈ ਮਾਧੋਪੁਰ ਦੀ ਵਿਧਾਇਕ ਰਹੀ। 2019 ਤੋਂ ਰਾਜਸਮੰਦ ਤੋਂ ਐੱਮ. ਪੀ. ਹੈ। ਇਸ ਸਮੇਂ ਉਹ ਜੈਪੁਰ ਦੇ ਵਿਦਿਆਧਰ ਨਗਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਹੈ।
ਦੀਆ ਕੁਮਾਰੀ ਦਾ ਪਰਿਵਾਰ
ਜੈਪੁਰ ਦੇ ਸਾਬਕਾ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ, ਮਹਾਰਾਣੀ ਮਰੁਧਰ ਕੰਵਰ, ਮਹਾਰਾਣੀ ਕਿਸ਼ੋਰ ਕੰਵਰ ਤੇ ਮਹਾਰਾਣੀ ਗਾਇਤਰੀ ਦੇਵੀ ਦੀਆ ਕੁਮਾਰੀ ਦੇ ਦਾਦਾ-ਦਾਦੀ ਹਨ। ਉਨ੍ਹਾਂ ਦੇ ਦਾਦਾ ਮਹਾਰਾਜਾ ਸਵਾਈ ਮਾਨ ਸਿੰਘ ਰਾਜਸਥਾਨ ਦੇ ਪਹਿਲੇ ਮੁਖੀ ਸਨ। ਦੀਆ ਕੁਮਾਰੀ ਦੇ ਤਿੰਨ ਬੱਚੇ ਧੀ ਗੌਰਵੀ ਸਿੰਘ, ਪੁੱਤਰ ਪਦਨਾਭ ਸਿੰਘ ਤੇ ਲਕਸ਼ਯਰਾਜ ਪ੍ਰਕਾਸ਼ ਸਿੰਘ ਹਨ।
ਜੈਪੁਰ ਦੇ ਸ਼ਾਹੀ ਪਰਿਵਾਰ ਦਾ ਰਾਜਨੀਤੀ ਨਾਲ ਪੁਰਾਣਾ ਸਬੰਧ
ਜੈਪੁਰ ਦੇ ਸ਼ਾਹੀ ਪਰਿਵਾਰ ਦਾ ਰਾਜਨੀਤੀ ਨਾਲ ਪੁਰਾਣਾ ਸਬੰਧ ਰਿਹਾ ਹੈ। ਦੀਆ ਕੁਮਾਰੀ ਦੀ ਦਾਦੀ ਸਾਬਕਾ ਰਾਜਮਾਤਾ ਗਾਇਤਰੀ ਦੇਵੀ ਨੇ 1962 ’ਚ ਸਵਤੰਤਰ ਪਾਰਟੀ ਦੀ ਕਮਾਨ ਸੰਭਾਲੀ ਸੀ। ਉਸ ਸਮੇਂ ਗਾਇਤਰੀ ਦੇਵੀ ਦੀ ਪ੍ਰਸਿੱਧੀ ਕਾਰਨ ਸਵਤੰਤਰ ਪਾਰਟੀ ਦੇ 36 ਵਿਧਾਇਕ ਚੋਣ ਜਿੱਤ ਗਏ ਸਨ। ਇਸ ਤੋਂ ਬਾਅਦ 1967 ’ਚ 49 ਵਿਧਾਇਕ ਬਣੇ। ਦੀਆ ਕੁਮਾਰੀ ਦੀ ਦਾਦੀ ਸਾਬਕਾ ਰਾਜਮਾਤਾ ਗਾਇਤਰੀ ਦੇਵੀ ਨੂੰ ਜੈਪੁਰ ਦੇ ਲੋਕਾਂ ਵਲੋਂ ਤਿੰਨ ਵਾਰ ਸੰਸਦ ਮੈਂਬਰ ਚੁਣਿਆ ਗਿਆ ਸੀ। ਐਮਰਜੈਂਸੀ ਦੇ ਦਿਨਾਂ ਦੌਰਾਨ ਗਾਇਤਰੀ ਦੇਵੀ ਦੀ ਇੰਦਰਾ ਗਾਂਧੀ ਨਾਲ ਸਿਆਸੀ ਲੜਾਈ ਦੀਆਂ ਕਹਾਣੀਆਂ ਅੱਜ ਵੀ ਸਮੇਂ-ਸਮੇਂ ’ਤੇ ਸੁਰਖ਼ੀਆਂ ’ਚ ਰਹਿੰਦੀਆਂ ਹਨ। ਦੀਆ ਕੁਮਾਰੀ ਦੇ ਪਿਤਾ, ਜੈਪੁਰ ਦੇ ਸਾਬਕਾ ਮਹਾਰਾਜਾ ਬ੍ਰਿਗੇਡੀਅਰ ਭਵਾਨੀ ਸਿੰਘ ਵੀ ਰਾਜਨੀਤੀ ਨਾਲ ਜੁੜੇ ਹੋਏ ਸਨ। ਸਾਬਕਾ ਮਹਾਰਾਜਾ ਭਵਾਨੀ ਸਿੰਘ, ਜਿਨ੍ਹਾਂ ਨੂੰ ਫੌਜ ’ਚ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੂੰ ਐਮਰਜੈਂਸੀ ਦੌਰਾਨ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਉਨ੍ਹਾਂ ਦੀ ਮਤਰੇਈ ਮਾਂ ਗਾਇਤਰੀ ਦੇਵੀ ਸਮੇਤ ਜੇਲ ਭੇਜ ਦਿੱਤਾ ਸੀ। ਇਸ ਤੋਂ ਦੁਖੀ ਹੋ ਕੇ ਗਾਇਤਰੀ ਦੇਵੀ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਪਰ 14 ਸਾਲਾਂ ਬਾਅਦ ਬ੍ਰਿਗੇਡੀਅਰ ਭਵਾਨੀ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ 1989 ’ਚ ਜੈਪੁਰ ਲੋਕ ਸਭਾ ਚੋਣ ਲੜੀ, ਜਿਸ ’ਚ ਉਹ ਹਾਰ ਗਏ ਸਨ।