ਪੰਜਾਬ ''ਚ ਸ਼ਰਾਬ ਦਾ ਜਖੀਰਾ ਬਰਾਮਦ, ਮੰਤਰੀ ਹਰਪਾਲ ਚੀਮਾ ਨੇ ਦਿੱਤੀ ਚਿਤਾਵਨੀ

Sunday, Jan 12, 2025 - 05:48 PM (IST)

ਪੰਜਾਬ ''ਚ ਸ਼ਰਾਬ ਦਾ ਜਖੀਰਾ ਬਰਾਮਦ, ਮੰਤਰੀ ਹਰਪਾਲ ਚੀਮਾ ਨੇ ਦਿੱਤੀ ਚਿਤਾਵਨੀ

ਚੰਡੀਗੜ੍ਹ- ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੋਹਾਲੀ ਆਬਕਾਰੀ ਟੀਮ ਅਤੇ ਮੁਹਾਲੀ ਪੁਲਸ ਦੀ ਸ਼ਮੂਲੀਅਤ ਵਾਲੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਨੇ ਹੰਡੇਸਰਾ ਨੇੜੇ ਇਕ ਟਰੱਕ ਨੂੰ ਰੋਕ ਕੇ “ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ” ਵਜੋਂ ਮਾਰਕ ਕੀਤੀਆਂ 220 ਸ਼ਰਾਬ ਦੀਆਂ ਪੇਟੀਆਂ ਜ਼ਬਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਪਰੇਸ਼ਨ ਚੰਡੀਗੜ੍ਹ (ਯੂ.ਟੀ.) ਤੋਂ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਦੇ ਅਪਰਾਧ ਨਾਲ ਨਜਿੱਠਣ ਲਈ ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ।

ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਕਾਰਵਾਈ ਦਾ ਵੇਰਵਾ ਦਿੰਦੇ ਦੱਸਿਆ ਕਿ ਇਹ ਕਾਰਵਾਈ ਹਾਲ ਹੀ ਦੇ ਸਮੇਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿਰੁੱਧ ਕੀਤੀਆਂ ਗਈਆਂ 6 ਵੱਡੀਆਂ ਵਿੱਚੋਂ ਇਕ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਿਤੀ 11 ਜਨਵਰੀ ਨੂੰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61 (1) (14) ਅਤੇ 78 (2) ਤਹਿਤ ਐੱਫ਼. ਆਈ. ਆਰ. ਨੰਬਰ 01 ਥਾਣਾ ਹੰਡੇਸਰਾ ਵਿਖੇ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਦੇ ਹੋਰ ਮਾਮਲਿਆਂ ਦੇ ਸਬੰਧ ਵਿੱਚ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਛੇ ਹੋਰ ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਵੱਖ-ਵੱਖ ਸ਼ਰਾਬ ਦੇ ਬਰਾਂਡਾਂ ਦੀਆਂ 42 ਪੇਟੀਆਂ ਜ਼ਬਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ

ਕਰ ਅਤੇ ਆਬਕਾਰੀ ਮੰਤਰੀ ਨੇ ਅੱਗੇ ਦੱਸਿਆ ਕਿ ਚਾਲੂ ਵਿੱਤੀ ਸਾਲ ਵਿੱਚ 31 ਦਸੰਬਰ 2024 ਤੱਕ ਚੰਡੀਗੜ੍ਹ ਸ਼ਰਾਬ ਦੀ ਤਸਕਰੀ ਨਾਲ ਸਬੰਧਤ 114 ਐੱਫ਼. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ, ਜਿਸ ਤਹਿਤ 30,096 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਸ ਦੋਵੇਂ ਹੀ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਨਿਰੰਤਰ ਸਹਿਯੋਗ ਨਾਲ ਚੱਲ ਰਹੀ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਵਿਅਕਤੀ, ਭਾਂਵੇ ਉਹ ਕੋਈ ਵੀ ਹੋਵੇ, ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਆਬਕਾਰੀ ਐਕਟ, 1914 ਤਹਿਤ ਸ਼ਰਾਬ ਦੀ ਤਸਕਰੀ ਗੈਰ-ਕਾਨੂੰਨੀ, ਸਜ਼ਾਯੋਗ ਅਪਰਾਧ ਹੈ ਅਤੇ ਰਾਜ ਦੇ ਮਾਲੀਏ ਲਈ ਨੁਕਸਾਨਦੇਹ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਗਤੀਵਿਧੀ ਬਾਰੇ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਸੂਬੇ ਨੂੰ ਕੋਈ ਮਾਲੀ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ : ਮੁੜ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News