ਅਯੁੱਧਿਆ ’ਚ ਦੀਵਾਲੀ ਦੀਪ ਉਤਸਵ ਦਾ ਹੋਇਆ ‘ਸ਼੍ਰੀਗਣੇਸ਼’, 12 ਲੱਖ ਦੀਵੇ ਰਚਣਗੇ ਨਵਾਂ ਵਿਸ਼ਵ ਰਿਕਾਰਡ
Monday, Nov 01, 2021 - 02:15 PM (IST)
ਅਯੁੱਧਿਆ (ਵਾਰਤਾ)— ਉੱਤਰ ਪ੍ਰਦੇਸ਼ ਸਰਕਾਰ ਨੇ ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ਵਿਚ 3 ਨਵੰਬਰ 2021 ਨੂੰ ਹੋਣ ਵਾਲੇ 5ਵੇਂ ਦੀਪ ਉਤਸਵ ਦੇ ਮੁੱਖ ਆਯੋਜਨ ਨੂੰ ਪਹਿਲਾਂ ਤੋਂ ਵੱਧ ਸ਼ਾਨਦਾਰ ਅਤੇ ਨਾ ਭੁੱਲਣ ਯੋਗ ਬਣਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਵਾਰ ਅਯੁੱਧਿਆ ਨਗਰੀ ਵਿਚ 12 ਲੱਖ ਦੀਵਿਆਂ ਨੂੰ ਜਗਾਇਆ ਜਾਵੇਗਾ। ਸੋਮਵਾਰ ਤੋਂ 5ਵੇਂ ਦੀਪ ਉਤਸਵ 2021 ਦੇ ਆਯੋਜਨ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਲੇਜ਼ਰ ਲਾਈਟ ਵਿਚ ਰਾਮਾਇਣ ਦਾ ਹੈਰੀਟੇਜ਼ ਤਰੀਕੇ ਨਾਲ ਸ਼ੋਅ ਵਿਖਾਇਆ ਜਾਵੇਗਾ।
ਪਹਿਲੇ ਦੋ ਦਿਨ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਦੀਵਾਲੀ ਦੀ ਸ਼ਾਮ 3 ਨਵੰਬਰ ਨੂੰ ਮੁੱਖ ਆਯੋਜਨ ਹੈ, ਜਿਸ ’ਚ ਪ੍ਰਦੇਸ਼ ਦੇ ਹਰ ਪਿੰਡ ਤੋਂ ਆਉਣ ਵਾਲੇ 5 ਮਿੱਟੀ ਦੇ ਦੀਵੇ ਅਯੁੱਧਿਆ ਨੂੰ ਰੋਸ਼ਨ ਕਰਨਗੇ। ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਗਿਆ ਹੈ ਕਿ ਸੂਬੇ ਦੇ 90 ਹਜ਼ਾਰ ਤੋਂ ਵੱਧ ਪਿੰਡਾਂ ਵਿਚੋਂ ਹਰੇਕ ਘਰ ’ਚੋਂ 5 ਮਿੱਟੀ ਦੇ ਦੀਵੇ ਸਮੇਂ ’ਤੇ ਅਯੁੱਧਿਆ ਪਹੁੰਚਣ।
ਦੀਪ ਉਤਸਵ ਦੌਰਾਨ ਰਾਮ ਕੀ ਪੈੜੀ ’ਚ 9 ਲੱਖ ਦੀਵਿਆਂ ਨੂੰ ਜਗਾਇਆ ਜਾਵੇਗਾ। ਇਸ ਤੋਂ ਇਲਾਵਾ ਅਯੁੱਧਿਆ ਨਗਰੀ ਵਿਚ 3 ਲੱਖ ਦੀਵਿਆਂ ਨੂੰ ਜਗਾਇਆ ਜਾਵੇਗਾ। ਇਸ ਆਯੋਜਨ ਨੂੰ ਵੇਖਣ ਲਈ ‘ਗਿਨੀਜ਼ ਬੁੱਕ ਆਫ਼ ਰਿਕਾਰਡਜ਼’ ਦੀ ਇਕ ਟੀਮ ਅਯੁੱਧਿਆ ਵਿਚ ਹੋਵੇਗੀ। ਵਿਸ਼ਵ ਰਿਕਾਰਡ ਬਣਾਉਣ ਲਈ ਮਿੱਟੀ ਦੇ ਇਕ ਦੀਵੇ ਨੂੰ ਘੱਟੋ-ਘੱਟ 5 ਮਿੰਟ ਜਗਾਉਣਾ ਹੋਵੇਗਾ। ਸਰਯੂ ਦੇ ਤੱਟ ’ਤੇ ਰਾਮਾਇਣ ਦੀ ਗਾਥਾ ਨੂੰ ਵੀ ਅਮਰ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਸਾਲ 2017 ਵਿਚ ਪਹਿਲੀ ਵਾਰ ਦੀਪ ਉਤਸਵ ਦਾ ਆਯੋਜਨ ਕੀਤਾ ਸੀ। ਦੀਪ ਉਤਸਵ ਦੀ ਸ਼ੁਰੂਆਤ 51 ਹਜ਼ਾਰ ਦੀਵਿਆਂ ਨਾਲ ਹੋਈ ਸੀ। ਸਾਲ 2019 ਵਿਚ 4,04,226 ਮਿੱਟੀ ਦੇ ਦੀਵੇ, ਸਾਲ 2020 ਵਿਚ 6,06,569 ਮਿੱਟੀ ਦੇ ਦੀਵਿਆਂ ਨੂੰ ਸਰਯੂ ਦੇ ਤੱਟ ’ਤੇ ਜਗਾਇਆ ਗਿਆ।