ਉੱਤਰ ਪ੍ਰਦੇਸ਼ ’ਚ ਚੋਣ ਜ਼ਾਬਤਾ ਲੱਗਣ ਨਾਲ 24.5 ਲੱਖ ਵਿਦਿਆਰਥੀਆਂ ਨੂੰ ਟੈਬਲੇਟ/ਸਮਾਰਟਫੋਨ ਦੀ ਵੰਡ ਰੁਕੀ

Sunday, Jan 16, 2022 - 03:02 PM (IST)

ਉੱਤਰ ਪ੍ਰਦੇਸ਼ ’ਚ ਚੋਣ ਜ਼ਾਬਤਾ ਲੱਗਣ ਨਾਲ 24.5 ਲੱਖ ਵਿਦਿਆਰਥੀਆਂ ਨੂੰ ਟੈਬਲੇਟ/ਸਮਾਰਟਫੋਨ ਦੀ ਵੰਡ ਰੁਕੀ

ਨੈਸ਼ਨਲ ਡੈਸਕ– ਉੱਤਰ ਪ੍ਰਦੇਸ਼ ਵਿਚ ਚੋਣਾਂ ਦਾ ਆਗਾਜ਼ ਹੁੰਦੇ ਹੀ 24.5 ਲੱਖ ਵਿਦਿਆਰਥੀਆਂ ਨੂੰ ਮੁਫਤ ਟੈਬਲੇਟ/ਸਮਾਰਟਫੋਨ ਦੀ ਵੰਡ ਰੁਕ ਗਈ ਹੈ। ਚੋਣਾਂ ਦੇ ਨੋਟੀਫਿਕੇਸ਼ਨ ਦੇ ਨਾਲ ਹੀ ਸੂਬਾ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿਸ ਨਾਲ ਯੋਗੀ ਸਰਕਾਰ ਦੀ ਮੁਫਤ ਟੈਬਲੇਟ/ਸਮਾਰਟਫੋਨ ਯੋਜਨਾ ’ਤੇ ਰੋਕ ਲੱਗ ਗਈ ਹੈ।
ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਵਿਚ ਯੋਜਨਾ ਤਹਿਤ 24.77 ਲੱਖ ਤੋਂ ਵਧ ਵਿਦਿਆਰਥੀਆਂ ਨੇ ਟੈਬਲੇਟ/ਸਮਾਰਟਫੋਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿਚੋਂ ਲਗਭਗ 38,500 ਨੂੰ ਸਮਾਰਟਫੋਨ ਤੇ ਟੈਬਲੇਟ ਦੇ ਵੀ ਦਿੱਤੇ ਗਏ। ਯੋਜਨਾ ਵਿਚ ਚੁਣੇ ਗਏ ਵਿਦਿਆਰਥੀਆਂ ਨੂੰ ਮੋਬਾਇਲ ’ਤੇ ਐੱਸ. ਐੱਮ. ਐੱਸ. ਰਾਹੀਂ ਸੂਚਨਾ ਤਾਂ ਮਿਲੀ ਪਰ ਜਦੋਂ ਗੈਜੇਟ ਹੱਥ ਵਿਚ ਆਉਣ ਦੀ ਵਾਰੀ ਆਈ ਤਾਂ ਚੋਣ ਜ਼ਾਬਤੇ ਦੀ ਕੰਧ ਰਾਹ ਵਿਚ ਆ ਗਈ।

ਦਰਅਸਲ ਹਰ ਗੈਜੇਟ ਦੇ ਸਕ੍ਰੀਨ ਸੇਵਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਸਵੀਰ ਨੂੰ ਇਸ ਦੀ ਵਜ੍ਹਾ ਦੱਸਿਆ ਗਿਆ ਹੈ। ਚੋਣਾਂ ਦੇ ਨੋਟੀਫਿਕੇਸ਼ਨ ਤੋਂ ਬਾਅਦ ਅਜਿਹੇ ਗੈਜੇਟਸ ਦੀ ਵੰਡ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ। ਇਸ ਤੋਂ ਪਹਿਲਾਂ ਸਪਾ ਸਰਕਾਰ ਵਿਚ ਵੀ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਗਏ ਸਨ, ਜਿਸ ਵਿਚ ਤਤਕਾਲੀਨ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਤਸਵੀਰ ਸੀ। ਆਪ੍ਰੇਟਿੰਗ ਸਿਸਟਮ ਵਿਚ ਬਦਲਾਅ ਕਰ ਕੇ ਹੀ ਇਸ ਨੂੰ ਹਟਾਇਆ ਜਾ ਸਕਦਾ ਹੈ।

ਇਕ ਕਰੋੜ ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ/ਸਮਾਰਟਫੋਨ
ਆਈ. ਟੀ. ਅਤੇ ਇਲੈਕਟ੍ਰਾਨਿਕਸ ਵਿਭਾਗ ਤਹਿਤ ਉੱਤਰ ਪ੍ਰਦੇਸ਼ ਡਿਵੈਲਪਮੈਂਟ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਸੂਬਾ ਭਰ ਵਿਚ 1 ਕਰੋੜ ਵਿਦਿਆਰਥੀਆਂ ਨੂੰ ਯੋਜਨਾ ਤਹਿਤ ਸਮਾਰਟਫੋਨ ਅਤੇ ਟੈਬਲੇਟ ਦਿੱਤੇ ਜਾਣੇ ਹਨ ਪਰ ਚੋਣ ਜ਼ਾਬਤਾ ਲੱਗਣ ਕਾਰਨ ਫਿਲਹਾਲ ਸ਼ਾਸਨ ਵਲੋਂ ਇਸ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਮਾਰਟਫੋਨ ਅਤੇ ਟੈਬਲੇਟ ਵਿਚ ਡੀ. ਜੀ. ਸ਼ਕਤੀ ਅਧਿਐਨ ਐਪ ਇੰਸਟਾਲ ਕੀਤਾ ਗਿਆ ਹੈ। ਐਪ ਰਾਹੀਂ ਸੰਬੰਧਤ ਯੂਨੀਵਰਸਿਟੀ ਜਾਂ ਵਿਭਾਗ ਦੇ ਵਿਦਿਆਰਥੀਆਂ ਨੂੰ ਪੜਾਈ ਲਈ ਸਮੱਗਰੀ ਮੁਹੱਈਆ ਹੋਵੇਗੀ। ਇਸ ਤੋਂ ਇਲਾਵਾ ਸ਼ਾਸਨ ਵਲੋਂ ਰੋਜ਼ਗਾਰਪੂਰਕ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਦੀ ਸ਼ੁਰੂਆਤ ਕੀਤੀ ਸੀ।


author

Rakesh

Content Editor

Related News