ਲਾਲੂ ਪਰਿਵਾਰ ਨੂੰ ਵੱਡਾ ਝਟਕਾ, ਈ. ਡੀ. ਨੇ ਉਸਾਰੀ ਅਧੀਨ ਮਾਲ ਨੂੰ ਕੀਤਾ ਸੀਲ

Tuesday, Jun 12, 2018 - 08:44 PM (IST)

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਈ. ਡੀ. (ਡਾਇਰੈਕਟਰ ਆਫ ਇਨਫੋਰਸਮੈਂਟ) ਨੇ ਵੱਡਾ ਝਟਕਾ ਦਿੱਤਾ ਹੈ। ਈ. ਡੀ. ਨੇ ਪਟਨਾ ਦੇ ਬੇਲੀ ਰੋਡ ਸਥਿਤ ਸਗੁਨਾ ਰੋਡ ਨੇੜੇ ਬਣ ਰਹੇ ਉਸਾਰੀ ਅਧੀਨ ਮਾਲ ਨੂੰ ਸੀਲ ਕਰ ਦਿੱਤਾ ਹੈ। 750 ਕਰੋੜ ਦੀ ਲਾਗਤ ਨਾਲ 115 ਏਕੜ ਜ਼ਮੀਨ 'ਤੇ ਬਣ ਰਿਹਾ ਇਹ ਮਾਲ ਬਿਹਾਰ ਦਾ ਸਭ ਤੋਂ ਵੱਡਾ ਮਾਲ ਹੈ।
ਜਾਣਕਾਰੀ ਮੁਤਾਬਕ ਇਹ ਜ਼ਮੀਨ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੇ ਵੱਡੇ ਪੁੱਤਰ ਤੇਜਪ੍ਰਤਾਪ ਯਾਦਵ ਅਤੇ ਛੋਟੇ ਪੁੱਤਰ ਤੇਜਸਵੀ ਯਾਦਵ ਦੇ ਨਾਂ 'ਤੇ ਹੈ। ਇਸ ਜ਼ਮੀਨ ਦਾ ਸਰਕਲ ਰੇਟ 44.7 ਕਰੋੜ ਰੁਪਏ ਹੈ ਪਰ ਇਸ ਨੂੰ ਲਾਲੂ ਯਾਦਵ ਦੀ ਕੰਪਨੀ ਲਾਰਾ ਪ੍ਰਾਜੈਕਟ ਨੇ ਸਾਲ 2005-06 'ਚ ਸਿਰਫ 65 ਲੱਖ ਰੁਪਏ 'ਚ ਖਰੀਦ ਲਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਵਾਤਾਵਰਨ, ਵਨ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ ਪਟਨਾ ਦੇ ਬੇਲੀ ਰੋਡ 'ਤੇ ਸਗੁਨਾ ਮੋੜ ਨੇੜੇ ਲਾਲੂ ਯਾਦਵ ਪਰਿਵਾਰ ਦੇ ਬਣ ਰਹੇ ਇਸ ਚਰਚਿਤ ਮਾਲ ਦੇ ਨਿਰਮਾਣ 'ਤੇ ਤੁਰੰਤ ਰੋਕ ਲਗਾ ਦਿੱਤੀ ਸੀ। ਇਸ ਜ਼ਮੀਨ ਨੂੰ ਲੈ ਕੇ ਸਭ ਤੋਂ ਪਹਿਲਾਂ ਖੁਲਾਸਾ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕੀਤਾ ਸੀ। ਇਸ ਜ਼ਮੀਨ ਦੇ ਸੰਬੰਧ 'ਚ ਈ. ਡੀ. ਤੇਜਸਵੀ ਯਾਦਵ ਅਤੇ ਰਾਬੜੀ ਦੇਵੀ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਚੁਕੇ ਹਨ।


Related News